ਪਾਕਿਸਤਾਨ ’ਚ ਬਿਲਾਵਲ ਭੁੱਟੋ ਨੇ ਕਿਸਾਨਾਂ ਦੇ ਹੱਕ ’ਚ ਇਮਰਾਨ ਸਰਕਾਰ ਖ਼ਿਲਾਫ਼ ਕੱਢਿਆ ਟਰੈਕਟਰ ਮਾਰਚ

Monday, Jan 24, 2022 - 05:24 PM (IST)

ਇਸਾਲਾਮਾਬਾਦ (ਭਾਸ਼ਾ): ਭਾਰਤ ਵਿਚ ਪਿਛਲੇ ਸਾਲ ਲੰਬੇ ਸੰਘਰਸ਼ ਦੇ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਖ਼ਤਮ ਕਰ ਦਿੱਤਾ ਹੈ ਪਰ ਹੁਣ ਪਾਕਿਸਤਾਨ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਰੋਧੀ ਦਲ ਨੇ ਅੰਦੋਲਨ ਤੇਜ਼ ਕਰ ਦਿੱਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਖ਼ਰਾਬ ਖੇਤੀਬਾੜੀ ਨੀਤੀਆਂ ਦਾ ਵਿਰੋਧ ਕਰਨ ਲਈ ਸ਼ੁੱਕਰਵਾਰ ਨੂੰ ਟਰੈਕਟਰ-ਟਰਾਲੀ ਮਾਰਚ ਦਾ ਆਯੋਜਨ ਕੀਤਾ, ਜਿਸ ਵਿਚ ਵੱਡੀ ਸੰਖਿਆ ਵਿਚ ਕਿਸਾਨਾਂ ਨੇ ਹਿੱਸਾ ਲਿਆ। ਡਾਨ ਦੀ ਰਿਪੋਰਟ ਅਨੁਸਾਰ ਟਰੈਕਟਰ ਰੈਲੀ ਦੌਰਾਨ ਪੀ.ਪੀ.ਪੀ. ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਸਾਨਾਂ ਨੂੰ ਕਿਹਾ ਕਿ ਇਸ ਚੁਣੀ ਹੋਈ ਸਰਕਾਰ ਨੇ ਦੇਸ਼ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਓਨਾ ਹੀ ਨੁਕਸਾਨ ਪਹੁੰਚਾਇਆ ਹੈ, ਜਿੰਨਾ ਕਿ ਪਿਛਲੇ ਤਿੰਨ ਸਾਲਾਂ ਵਿਚ ਸਮੁੱਚੀ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 2018 ਵਿਚ ਇਮਰਾਨ ਖਾਨ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਹੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ, ਜਦਕਿ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ।

ਇਹ ਵੀ ਪੜ੍ਹੋ: ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਮਾਸੂਮ ਬੱਚੀ ਦੇ ਸਿਰ 'ਚ ਵੱਜੀ ਗੋਲ਼ੀ, ਮੌਤ

ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਮਿਲ ਕੇ ਇਮਰਾਨ ਸਰਕਾਰ ਦਾ ਵਿਰੋਧ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਪੀ.ਪੀ.ਪੀ ਹਰ ਡਵੀਜ਼ਨ ਵਿਚ ਕਿਸਾਨ ਅਤੇ ਟਰੈਕਟਰ ਮਾਰਚ ਕੱਢੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸੀਜ਼ਨ ਵਿਚ ਪਾਣੀ ਦੀ ਕਮੀ ਕਾਰਨ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਯੂਰੀਆ ਖਾਦ ਦੀ ਘਾਟ ਕਾਰਨ ਕਣਕ ਦੀ ਫ਼ਸਲ ਖ਼ਰਾਬ ਹੋ ਰਹੀ ਹੈ। ਪੀ.ਪੀ.ਪੀ. ਦੀ ਸੂਚਨਾ ਸਕੱਤਰ ਅਤੇ ਐਮ.ਐਨ.ਏ. ਸ਼ਾਜ਼ੀਆ ਮਾਰੀ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨ ਯੂਰੀਆ ਖਾਦ ਦੀ ਕਮੀ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ, ਸਰਕਾਰ ਦੀਆਂਂਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦੀ ਇਕ ਬੋਰੀ ਗੈਰ-ਕਾਨੂੰਨੀ ਮੰਡੀ ਵਿਚ 3500 ਰੁਪਏ ਤੱਕ ਮਿਲ ਰਹੀ ਹੈ ਅਤੇ ਸਰਕਾਰ ਕਿਸਾਨਾਂ ਦੀ ਕੋਈ ਮਦਦ ਨਹੀਂ ਕਰ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਪੀ.ਪੀ.ਪੀ. ਸੰਘੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰੇਗੀ।

ਇਹ ਵੀ ਪੜ੍ਹੋ:ਆਬੂਧਾਬੀ ਹਵਾਈ ਅੱਡੇ 'ਤੇ ਹਮਲੇ ਤੋਂ ਬਾਅਦ UAE ਦਾ ਵੱਡਾ ਫ਼ੈਸਲਾ, ਡਰੋਨ ਦੀ ਵਰਤੋਂ ’ਤੇ ਲਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News