ਕੈਨੇਡਾ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤੇ ਇਹ ਐਲਾਨ
Tuesday, Dec 19, 2023 - 06:30 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਪੜ੍ਹਨ ਦੇ ਚਾਹਵਾਨ ਜਾਂ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਦਾ ਕਿਊਬਿਕ ਸੂਬਾ ਜਿੱਥੇ ਫਰੈਂਚ ਬੋਲੀ ਜਾਂਦੀ ਹੈ, ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ 'ਤੇ ਫ੍ਰਾਂਸੀਸੀ ਭਾਸ਼ਾ ਸਿੱਖਣ ਦਾ ਦਬਾਅ ਵਧਾਇਆ ਜਾ ਰਿਹਾ ਹੈ। ਇਹਨਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਅੰਗਰੇਜ਼ੀ ਭਾਸ਼ਾ ਦੇ ਕੋਰਸ ਕਰ ਕੇ ਯੂਨੀਵਰਸਿਟੀ ਵਿਚ ਪੜ੍ਹਨ ਲਈ ਆਉਂਦੇ ਹਨ। ਇਸ ਦੇ ਇਲਾਵਾ ਕਿਊਬਿਕ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਵੀ ਵਧਾਏਗੀ ਅਤੇ ਨਾਲ ਹੀ ਉਹਨਾਂ ਲਈ ਆਪਣੀ ਪੜ੍ਹਾਈ ਦੌਰਾਨ ਫ੍ਰੈਂਚ ਸਿੱਖਣਾ ਲਾਜ਼ਮੀ ਬਣਾਏਗੀ।
33 ਫੀਸਦੀ ਫੀਸ ਵਧਾਉਣ ਦੀ ਯੋਜਨਾ
ਸੂਬਾ ਸਰਕਾਰ ਨੇ ਗੈਰ ਫ੍ਰਾਂਸੀਸੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ 33 ਫੀਸਦੀ ਵਧਾਉਣ ਦਾ ਪ੍ਰਸਤਾਵ ਤਿਆਰ ਕੀਤਾ ਹੈ। ਹਾਲਾਂਕਿ ਪਹਿਲਾਂ ਫੀਸ ਦੁੱਗਣੀ ਕਰਨ ਦੀ ਤਜਵੀਜ਼ ਸੀ ਪਰ ਬਾਅਦ ਵਿੱਚ ਇਸ ਨੂੰ ਘਟਾ ਕੇ 33 ਫੀਸਦੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸੂਬੇ ਵਿੱਚ ਅੰਗਰੇਜ਼ੀ ਵਿੱਚ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਨੂੰ ਵੱਧ ਤੋਂ ਵੱਧ ਫ੍ਰਾਂਸੀਸੀ ਭਾਸ਼ਾ ਅਪਣਾਉਣ ਲਈ ਕਿਹਾ ਜਾਵੇਗਾ। ਕਿਊਬਿਕ ਫ੍ਰੈਂਚ ਵਿਦਿਆਰਥੀਆਂ ਲਈ ਫੀਸਾਂ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਕਿਊਬਿਕ ਫਰਾਂਸ, ਬੈਲਜੀਅਮ ਅਤੇ ਸਵਿਟਜ਼ਰਲੈਂਡ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ ਤਾਂ ਜੋਯੂਰਪੀਅਨ ਮੂਲ ਦੇ ਹੋਰ ਲੋਕ ਕਿਊਬਿਕ ਆਉਣ। ਕਿਊਬਿਕ ਦੂਜੇ ਰਾਜਾਂ ਤੋਂ ਆਉਣ ਵਾਲੇ ਕੈਨੇਡੀਅਨ ਵਿਦਿਆਰਥੀਆਂ ਲਈ ਕਾਲਜ-ਯੂਨੀਵਰਸਿਟੀ ਦੀ ਸਿੱਖਿਆ ਨੂੰ ਵੀ ਮਹਿੰਗਾ ਬਣਾ ਰਿਹਾ ਹੈ। ਕਿਊਬਿਕ ਬਾਅਦ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਪ੍ਰਾਪਤ ਫੀਸਾਂ ਦਾ ਇੱਕ ਵੱਡਾ ਹਿੱਸਾ ਫਰਾਂਸੀਸੀ ਬੋਲਣ ਵਾਲੀਆਂ ਯੂਨੀਵਰਸਿਟੀਆਂ ਵਿੱਚ ਵੰਡਦਾ ਹੈ।
ਪੰਜਾਬ ਤੋਂ ਹਰ ਸਾਲ ਜਾਂਦੇ ਹਨ 20 ਹਜ਼ਾਰ ਦੇ ਕਰੀਬ ਵਿਦਿਆਰਥੀ
ਕਿਊਬਿਕ ਵਿੱਚ ਹਰ ਸਾਲ 60 ਹਜ਼ਾਰ ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਹਨ, ਜਿਨ੍ਹਾਂ ਵਿੱਚੋਂ 20 ਹਜ਼ਾਰ ਇਕੱਲੇ ਪੰਜਾਬ ਦੇ ਹਨ। ਅਜਿਹੇ 'ਚ ਟਿਊਸ਼ਨ ਫੀਸ 'ਚ ਵਾਧੇ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ 'ਤੇ ਪਵੇਗਾ ਅਤੇ ਉਨ੍ਹਾਂ ਨੂੰ ਫੀਸਾਂ ਨੂੰ ਬਚਾਉਣ ਲਈ ਫ੍ਰੈਂਚ ਸਿੱਖਣੀ ਪਵੇਗੀ।
ਕਿਊਬਿਕ ਤੋਂ ਬਾਹਰ ਖੋਲ੍ਹੇ ਜਾਣਗੇ ਨਵੇਂ ਕੈਂਪਸ
ਕੈਨੇਡੀਅਨ ਸਿੱਖਿਆ ਪ੍ਰਣਾਲੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਿਊਬਿਕ 'ਚ ਕੰਮ ਕਰਨ ਵਾਲੀਆਂ ਯੂਨੀਵਰਸਿਟੀਆਂ ਨੇ ਸੂਬੇ ਤੋਂ ਬਾਹਰ ਹੋਰ ਸੂਬਿਆਂ 'ਚ ਵੀ ਆਪਣੇ ਕੈਂਪਸ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੋੜ ਪੈਣ 'ਤੇ ਵਿਦਿਆਰਥੀਆਂ ਨੂੰ ਉੱਥੇ ਸ਼ਿਫਟ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਦੀ ਆਮਦ ਰੋਕਣ ਲਈ ਅਮਰੀਕਾ ਨੇ ਚੁੱਕਿਆ ਸਖ਼ਤ ਕਦਮ (ਤਸਵੀਰਾਂ)
PGWP ਪ੍ਰੋਗਰਾਮ ਅਧੀਨ ਵਰਕ ਪਰਮਿਟ 31 ਜਨਵਰੀ, 2024 ਤੋਂ ਬੰਦ
ਇਸ ਸਮੇਂ ਕੈਨੇਡਾ ਵਿੱਚ 9.5 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਲਗਭਗ 14 ਲੱਖ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ 'ਤੇ ਕੰਮ ਕਰ ਰਹੇ ਹਨ। ਹੁਣ ਨਵੇਂ ਨਿਯਮਾਂ ਨਾਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਸਟੱਡੀ ਪਰਮਿਟਾਂ ਲਈ ਖਰਚੇ ਜਾਣ ਵਾਲੇ ਫੰਡ ਪਹਿਲਾਂ ਹੀ ਦੁੱਗਣੇ ਕੀਤੇ ਜਾ ਚੁੱਕੇ ਹਨ। PGWP ਪ੍ਰੋਗਰਾਮ ਅਧੀਨ ਵਰਕ ਪਰਮਿਟ ਵੀ 31 ਜਨਵਰੀ, 2024 ਤੋਂ ਬਾਅਦ ਬੰਦ ਕੀਤੇ ਜਾ ਰਹੇ ਹਨ। ਇਸ ਕਾਰਨ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਰਹਿਣ ਲਈ ਹੋਰ ਤਰੀਕੇ ਲੱਭਣੇ ਪੈਣਗੇ।
ਮਈ 2024 ਤੋਂ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ਘਟੇਗੀ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਅਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਕੰਮ ਦੇ ਘੰਟੇ 20 ਤੋਂ ਵਧਾ ਕੇ 40 ਕਰਨ ਦੀ ਸਹੂਲਤ ਵੀ 30 ਅਪ੍ਰੈਲ ਤੱਕ ਵਧਾਈ ਗਈ ਹੈ। ਇਹ ਸਹੂਲਤ ਵੀ 1 ਮਈ 2024 ਤੋਂ ਬੰਦ ਹੋ ਜਾਵੇਗੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿਦਿਆਰਥੀਆਂ ਲਈ ਸਹੂਲਤਾਂ ਨਾ ਦੇਣ ਵਾਲੇ ਕਾਲਜਾਂ ਅਤੇ ਰਾਜਾਂ ਲਈ ਸਟੱਡੀ ਵੀਜ਼ੇ 'ਤੇ ਪਾਬੰਦੀ ਹੋਵੇਗੀ। ਅਜਿਹੇ ਵਿੱਚ ਜੇਕਰ ਕਿਊਬਿਕ ਨੇ ਵੀ ਸਖ਼ਤੀ ਵਧਾ ਦਿੱਤੀ ਤਾਂ ਵਿਦਿਆਰਥੀਆਂ ਲਈ ਕੈਨੇਡਾ ਪੀਆਰ ਦਾ ਰਾਹ ਹੋਰ ਵੀ ਔਖਾ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।