ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਅਕੁਲ ਦੀ ਮੌਤ 'ਤੇ ਵੱਡਾ ਖੁਲਾਸਾ

Friday, Feb 23, 2024 - 11:38 AM (IST)

ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਅਕੁਲ ਦੀ ਮੌਤ 'ਤੇ ਵੱਡਾ ਖੁਲਾਸਾ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਲਗਾਤਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਦਾ ਮਾਮਲਾ ਸੁਰਖੀਆਂ 'ਚ ਬਣਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ 'ਤੇ ਵ੍ਹਾਈਟ ਹਾਊਸ ਨੂੰ ਜਵਾਬ ਦੇਣਾ ਪਿਆ। ਇਸ ਦੌਰਾਨ 20 ਜਨਵਰੀ ਨੂੰ ਭਾਰਤੀ ਵਿਦਿਆਰਥੀ ਅਕੁਲ ਧਵਨ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।

ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੀ ਇਲੀਨੋਇਸ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਭਾਰਤੀ ਮੂਲ ਦੇ ਵਿਦਿਆਰਥੀ ਅਕੁਲ ਧਵਨ ਦੀ ਮੌਤ ਹਾਈਪੋਥਰਮੀਆ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਕੁਲ ਆਪਣੇ ਕੁਝ ਦੋਸਤਾਂ ਨਾਲ ਨਾਈਟ ਆਊਟ 'ਤੇ ਸੀ। ਇਸ ਦੌਰਾਨ ਉਸ ਦੇ ਦੋਸਤ ਨਾਈਟ ਕਲੱਬ ਗਏ ਪਰ ਅਕੁਲ ਨੂੰ ਕਲੱਬ 'ਚ ਐਂਟਰੀ ਨਹੀਂ ਮਿਲੀ। ਹੁਣ ਅਕੁਲ ਦੀ ਮੌਤ ਦੇ ਲਗਭਗ ਇੱਕ ਮਹੀਨੇ ਬਾਅਦ ਚੈਂਪੇਨ ਕਾਉਂਟੀ ਕੋਰੋਨਰ ਦਫਤਰ ਨੇ ਇਹ ਖੁਲਾਸਾ ਕੀਤਾ ਹੈ। ਕੈਂਪਸ ਪੁਲਸ ਵਿਭਾਗ ਅਨੁਸਾਰ ਧਵਨ ਦੀ ਮੌਤ 20 ਜਨਵਰੀ ਨੂੰ ਹੋਈ ਸੀ। ਰਿਪੋਰਟ ਮੁਤਾਬਕ ਧਵਨ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ ਪਰ ਰਾਤ ਕਰੀਬ 11:30 ਵਜੇ ਉਸ ਦੇ ਦੋਸਤ ਕੈਂਪਸ ਨੇੜੇ ਸਥਿਤ ਕੈਨੋਪੀ ਕਲੱਬ 'ਚ ਗਏ ਪਰ ਕਲੱਬ ਦੇ ਸਟਾਫ ਨੇ ਅਕੁਲ ਧਵਨ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ। ਨਿਗਰਾਨੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਅਕੁਲ ਨੇ ਕਈ ਵਾਰ ਕਲੱਬ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸਟਾਫ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਸੰਸਦ 'ਚ ਭਾਰਤੀ ਕਿਸਾਨਾਂ ਦੇ ਪ੍ਰਦਰਸ਼ਨ ਦੀ ਗੂੰਜ, ਸਿੱਖ ਸੰਸਦ ਮੈਂਬਰ ਨੇ ਚੁੱਕਿਆ ਮਨੁੱਖੀ ਅਧਿਕਾਰ ਦਾ ਮੁੱਦਾ

ਇੰਝ ਹੋਈ ਅਕੁਲ ਧਵਨ ਦੀ ਮੌਤ 

ਕੰਸਾਸ ਸਿਟੀ ਸਟਾਰ ਦੀ ਰਿਪੋਰਟ ਮੁਤਾਬਕ ਜਿਸ ਰਾਤ ਅਕੁਲ ਧਵਨ ਦੀ ਮੌਤ ਹੋਈ ਉਸ ਰਾਤ ਤਾਪਮਾਨ -2.7 ਡਿਗਰੀ ਸੈਲਸੀਅਸ ਸੀ। ਧਵਨ ਦੇ ਦੋਸਤ ਉਸ ਨੂੰ ਸਾਰੀ ਰਾਤ ਫ਼ੋਨ ਕਰਦੇ ਰਹੇ ਪਰ ਅਕੁਲ ਨੇ ਫ਼ੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਅਕੁਲ ਦੇ ਦੋਸਤ ਨੇ ਕੈਂਪਸ ਪੁਲਸ ਨਾਲ ਸੰਪਰਕ ਕੀਤਾ। ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਕੁਲ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਅਗਲੀ ਸਵੇਰ ਅਕੁਲ ਨੂੰ ਇੱਕ ਇਮਾਰਤ ਦੇ ਪਿੱਛੇ ਪਿਆ ਦੇਖਿਆ ਗਿਆ। ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ਵਿੱਚ ਪੁਲਸ ਨੇ ਅਕੁਲ ਦੀ ਮੌਤ ਦਾ ਕਾਰਨ ਬਹੁਤ ਜ਼ਿਆਦਾ ਸ਼ਰਾਬ ਪੀਣ ਅਤੇ ਹੱਡੀਆਂ ਨੂੰ ਠਾਰ ਕਰਨ ਵਾਲੀ ਠੰਡ ਦੱਸਿਆ।

ਅਕੁਲ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਤੇ ਖੜ੍ਹੇ ਕੀਤੇ ਸਵਾਲ  

ਅਕੁਲ ਧਵਨ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਨੇ ਪੁਲਸ ਨੂੰ ਖੁੱਲ੍ਹਾ ਪੱਤਰ ਲਿਖ ਕੇ ਉਨ੍ਹਾਂ 'ਤੇ ਸਵਾਲ ਖੜ੍ਹੇ ਕੀਤੇ ਸਨ। ਅਕੁਲ ਦੇ ਪਰਿਵਾਰ ਨੇ 'ਦਿ ਨਿਊਜ਼ ਗਜ਼ਟ' 'ਚ ਪ੍ਰਕਾਸ਼ਿਤ ਇਕ ਖੁੱਲ੍ਹੇ ਪੱਤਰ 'ਚ ਕਿਹਾ ਕਿ ਉਹ ਇਹ ਪੁੱਛਦੇ ਰਹੇ ਕਿ ਅਕੁਲ ਦੀ ਲਾਸ਼ ਲਾਪਤਾ ਹੋਣ ਤੋਂ ਦਸ ਘੰਟੇ ਬਾਅਦ ਕਿਉਂ ਮਿਲੀ। ਜੇਕਰ ਉਸ ਨੂੰ ਸਮੇਂ ਸਿਰ ਲੱਭ ਲਿਆ ਜਾਂਦਾ ਤਾਂ ਉਸ ਨੂੰ ਬਚਾਇਆ ਜਾ ਸਕਦਾ ਸੀ। ਜਿਸ ਥਾਂ ਤੋਂ ਉਹ ਲਾਪਤਾ ਹੋਇਆ ਸੀ ਅਤੇ ਜਿੱਥੇ ਉਸ ਦੀ ਲਾਸ਼ ਮਿਲੀ ਸੀ, ਉਸ ਥਾਂ ਦੀ ਦੂਰੀ ਸਿਰਫ਼ 200 ਫੁੱਟ ਸੀ। ਤੁਹਾਨੂੰ ਦੱਸ ਦੇਈਏ ਕਿ ਅਕੁਲ ਦੇ ਮਾਤਾ-ਪਿਤਾ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਬੇ ਏਰੀਆ ਵਿੱਚ ਰਹਿੰਦੇ ਹਨ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ। ਪਰ ਅਕੁਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਨੇ ਉਨ੍ਹਾਂ ਦੇ ਪੁੱਤਰ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News