ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਅੱਤਵਾਦੀ ਰਿੰਦਾ ਦੀ ਪਾਕਿਸਤਾਨ ’ਚ ਮੌਤ (ਵੀਡੀਓ)
Sunday, Nov 20, 2022 - 12:55 AM (IST)
ਜਲੰਧਰ (ਇੰਟ.) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਰਹੇ ਪੰਜਾਬ ਦੇ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ’ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਦੱਸੀ ਜਾ ਰਹੀ ਹੈ। ਰਿੰਦਾ ਨੂੰ ਪਹਿਲਾਂ ਲਾਹੌਰ ਦੇ ਜਿੰਦਲ ਹਸਪਤਾਲ ਅਤੇ ਫਿਰ ਮਿਲਟਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਹਰਵਿੰਦਰ ਸਿੰਘ ਰਿੰਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਨਾਲ ਜੁੜਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਬੀ. ਕੇ. ਆਈ. ਦਾ ਹੈਂਡਲਰ ਸਿਰਫ ਰਿੰਦਾ ਹੀ ਸੀ। ਪੰਜਾਬ ਵਿੱਚ ਟਾਰਗੈੱਟ ਕਿਲਿੰਗ ਅਤੇ ਦਹਿਸ਼ਤ ਫੈਲਾਉਣ ਪਿੱਛੇ ਰਿੰਦਾ ਦਾ ਹੀ ਹੱਥ ਸੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗ੍ਰਿਫ਼ਤਾਰ, ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਸੀ ਇਤਰਾਜ਼ਯੋਗ ਬਿਆਨਬਾਜ਼ੀ
ਦੂਜੇ ਪਾਸੇ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਗਿਰੋਹ ਦਾ ਕਹਿਣਾ ਹੈ ਕਿ ਰਿੰਦਾ ਨੂੰ ਪਾਕਿਸਤਾਨ ’ਚ ਸਥਾਪਿਤ ਕੀਤਾ ਗਿਆ ਸੀ ਪਰ ਉਹ ਵਿਰੋਧੀ ਗੈਂਗ ਦੇ ਮੈਂਬਰਾਂ ਨਾਲ ਮਿਲ ਗਿਆ ਸੀ। ਬੰਬੀਹਾ ਗੈਂਗ ਨੇ ਇਹ ਵੀ ਦਾਅਵਾ ਕੀਤਾ ਕਿ ਰਿੰਦਾ ਨੇ ਮੂਸੇਵਾਲਾ ਦੇ ਕਤਲ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਸਹਿਯੋਗ ਕੀਤਾ ਸੀ। ਪੰਜਾਬ ਅਤੇ ਕੇਂਦਰੀ ਏਜੰਸੀਆਂ ਨੇ ਵੀ ਰਿੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਹਰਵਿੰਦਰ ਸਿੰਘ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ। ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਉਸ ਨੂੰ ਸਤੰਬਰ 2011 ਵਿੱਚ ਇਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਈ ਅਪਰਾਧਿਕ ਮਾਮਲਿਆਂ ’ਚ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ ਸੀ ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਉਸ ਨੂੰ ਆਪਣਾ ਗੁਰਗਾ ਬਣਾ ਲਿਆ ਸੀ।
ਇਹ ਵੀ ਪੜ੍ਹੋ : ਭਾਜਪਾ ਅਤੇ RSS ਦੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਹੋਈ ਜਗ ਜ਼ਾਹਿਰ : ਐਡਵੋਕੇਟ ਧਾਮੀ
ਪੰਜਾਬ ਪੁਲਸ ਨੂੰ ਕਈ ਮਾਮਲਿਆਂ ’ਚ ਲੋੜੀਂਦਾ ਸੀ
ਪੁਲਸ ਮੁਤਾਬਕ ਹਰਵਿੰਦਰ ਸਿੰਘ ਰਿੰਦਾ ਹਿਸਟਰੀ-ਸ਼ੀਟਰ ਸੀ। ਉਹ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਵਿੱਚ ਬਦਨਾਮ ਗੈਂਗਸਟਰ ਰਿਹਾ ਹੈ। ਉਹ ਪੰਜਾਬ ਪੁਲਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਖੋਹ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।
ਹਰਵਿੰਦਰ ਸਿੰਘ ਰਿੰਦਾ ਦੇ ਕਾਲੇ ਕਾਰਨਾਮਿਆਂ ਦੀ ਸੂਚੀ
• ਹਰਵਿੰਦਰ ਸਿੰਘ ਰਿੰਦਾ ਨੇ ਪਿਛਲੇ ਦਿਨੀਂ ਮੋਹਾਲੀ ’ਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਨਾਲ ਹਮਲਾ ਕਰਵਾਇਆ ਸੀ।
• ਨਵਾਂਸ਼ਹਿਰ ਦੇ ਸੀ. ਆਈ. ਏ. ਦਫ਼ਤਰ, ਆਨੰਦਪੁਰ ਸਾਹਿਬ ਅਤੇ ਪੁਲਸ ਚੌਕੀ ਕਾਹਲਵਾਂ ਵਿਖੇ ਉਸ ਨੇ ਹਮਲੇ ਕਰਵਾਏ ਸਨ।
• ਕੁਝ ਸਮਾਂ ਪਹਿਲਾਂ ਕਰਨਾਲ ਵਿੱਚ ਮਿਲੇ ਬੰਬ ਪਿੱਛੇ ਵੀ ਉਸ ਦਾ ਹੱਥ ਸੀ।
• ਪਾਕਿਸਤਾਨ ਤੋਂ ਪੰਜਾਬ ਦੀ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਨਾਲ ਹਥਿਆਰ ਭੇਜਦਾ ਸੀ।
• ਪਿਛਲੇ ਦਿਨੀਂ ਪੰਜਾਬ 'ਚ ਹੋਏ ਕਈ ਵੱਡੇ ਕਤਲਾਂ ਵਿੱਚ ਵੀ ਉਸ ਦਾ ਨਾਂ ਆਇਆ ਸੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗ੍ਰਿਫ਼ਤਾਰ, ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਸੀ ਇਤਰਾਜ਼ਯੋਗ ਬਿਆਨਬਾਜ਼ੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।