ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ
Tuesday, Mar 01, 2022 - 04:48 PM (IST)
ਕੀਵ - ਜੰਗ ਪ੍ਰਭਾਵਿਤ ਯੂਕਰੇਨ ਦੇ ਖਾਰਕੀਵ ਸ਼ਹਿਰ ਵਿਚ ਮੰਗਲਵਾਰ ਸਵੇਰੇ ਹੋਈ ਗੋਲੀਬਾਰੀ ਵਿਚ ਕਰਨਾਟਕ ਦੇ ਵਿਦਿਆਰਥੀ ਨਵੀਨ ਐਸ.ਜੀ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਵਿਦੇਸ਼ ਮੰਤਰਾਲਾ ਦੇ ਸਰਕਾਰੀ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਲਿਖਿਆ, 'ਡੂੰਘੇ ਦੁੱਖ ਦੇ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕਿਵ ਵਿਚ ਗੋਲੀਬਾਰੀ ਵਿਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।'
ਧਿਆਨਦੇਣ ਯੋਗ ਹੈ ਕਿ ਯੂਕ੍ਰੇਨ ਵਿਚ ਭਾਰਤ ਦੇ ਕਰੀਬ 18,000 ਵਿਦਿਆਰਥੀ ਹਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਸਰਕਾਰ ‘ਆਪ੍ਰੇਸ਼ਨ ਗੰਗਾ’ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁਹਿੰਮ ਵਿਚ ਹਵਾਈ ਸੈਨਾ ਦੀ ਮਦਦ ਮੰਗੀ ਹੈ। ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਪੱਛਮੀ ਯੂਕ੍ਰੇਨ ਦੇ ਨਾਲ ਲੱਗਦੇ ਰੋਮਾਨੀਆ, ਹੰਗਰੀ, ਪੋਲੈਂਡ ਵਰਗੇ ਦੇਸ਼ਾਂ ਵਿਚ ਦਾਖ਼ਲ ਹੋਣ ਲਈ ਕਿਹਾ ਗਿਆ ਹੈ, ਜਿੱਥੋਂ ਭਾਰਤੀ ਅਧਿਕਾਰੀ ਉਨ੍ਹਾਂ ਦੀ ਵਾਪਸੀ ਦੀ ਯਾਤਰਾ ਦਾ ਪ੍ਰਬੰਧ ਕਰ ਰਹੇ ਹਨ ਅਤੇ ਇਸ ਕੰਮ ਵਿਚ ਸਹਿਯੋਗ ਲਈ 4 ਮੰਤਰੀਆਂ ਨੂੰ ਇਨ੍ਹਾਂ ਦੇਸ਼ਾਂ ਵਿਚ ਭੇਜਿਆ ਗਿਆ ਹੈ। ਬਾਗਚੀ ਨੇ ਕਿਹਾ ਕਿ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਰੂਸ ਅਤੇ ਯੂਕ੍ਰੇਨ ਵਿਚ ਮੌਜੂਦ ਭਾਰਤ ਦੇ ਰਾਜਦੂਤਾਂ ਨੇ ਉਥੋਂ ਦੀਆਂ ਸਰਕਾਰਾਂ ਤੋਂ ਮਦਦ ਮੰਗੀ ਹੈ।
ਇਹ ਵੀ ਪੜ੍ਹੋ: ਪੁਤਿਨ ਨੇ ਦਿੱਤਾ ਯੂਕ੍ਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ! ਕੀਵ ਭੇਜੇ ਭਾੜੇ ਦੇ 400 ਖ਼ਤਰਨਾਕ ਫੌਜੀ