ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਵੱਡੇ ਬਦਲਾਅ, ਵਿਦਿਆਰਥੀਆਂ 'ਤੇ ਲਗਾ'ਤੀ ਇਹ ਪਾਬੰਦੀ

Thursday, Sep 17, 2026 - 12:34 PM (IST)

ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਵੱਡੇ ਬਦਲਾਅ, ਵਿਦਿਆਰਥੀਆਂ 'ਤੇ ਲਗਾ'ਤੀ ਇਹ ਪਾਬੰਦੀ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਈ ਅਹਿਮ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਵਿਜ਼ਟਰ ਵੀਜ਼ਾ ਧਾਰਕਾਂ, ਵਰਕਿੰਗ ਹੋਲੀਡੇ ਮੇਕਰਾਂ ਅਤੇ ਹੁਨਰਮੰਦ ਪ੍ਰਵਾਸੀਆਂ ’ਤੇ ਪੈ ਸਕਦਾ ਹੈ। ਗ੍ਰਹਿ ਮਾਮਲਿਆਂ ਤੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਟੋਨੀ ਬਰਕ ਨੇ 17 ਸਤੰਬਰ ਨੂੰ ਕੈਨਬਰਾ ਸਥਿਤ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਇਨ੍ਹਾਂ ਤਬਦੀਲੀਆਂ ਦਾ ਐਲਾਨ ਕੀਤਾ। ਸਰਕਾਰ ਨੇ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ 2026-27 ਵਿੱਚ 2.45 ਲੱਖ ਅਤੇ 2027-28 ਵਿੱਚ 2.25 ਲੱਖ ਤੱਕ ਲਿਆਉਣ ਦਾ ਟੀਚਾ ਰੱਖਿਆ ਹੈ।

ਵਿਦਿਆਰਥੀਆਂ ਦੇ ਪਰਿਵਾਰਾਂ ਲਈ ਨਵੇਂ ਨਿਯਮ

ਸਰਕਾਰ ਨੇ ਜ਼ਿਆਦਾਤਰ ਵਿਦਿਆਰਥੀ ਵੀਜ਼ਿਆਂ ’ਤੇ ਸੈਕੰਡਰੀ ਬਿਨੈਕਾਰਾਂ, ਭਾਵ ਵਿਦਿਆਰਥੀਆਂ ਦੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਨਾਲ ਲਿਆਉਣ ਸਬੰਧੀ ਪਾਬੰਦੀਆਂ ਲਗਾ ਦਿੱਤੀਆਂ ਹਨ। ਰਿਪੋਰਟਾਂ ਮੁਤਾਬਕ ਪਿਛਲੇ ਸਾਲ 3.37 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਲਗਭਗ 45,000 ਵੀਜ਼ੇ ਡਿਪੈਂਡੈਂਟਸ ਜਾਂ ਪਰਿਵਾਰਕ ਮੈਂਬਰਾਂ ਨੂੰ ਮਿਲੇ। ਹਾਲਾਂਕਿ ਕਿਹੜੀਆਂ ਸ਼੍ਰੇਣੀਆਂ ਨੂੰ ਨਵੇਂ ਨਿਯਮਾਂ ਤੋਂ ਛੋਟ ਮਿਲੇਗੀ, ਇਸ ਬਾਰੇ ਪੂਰੇ ਵੇਰਵੇ ਹਾਲੇ ਸਾਹਮਣੇ ਆਉਣੇ ਬਾਕੀ ਹਨ।

‘ਵੀਜ਼ਾ ਹੌਪਿੰਗ’ ’ਤੇ ਸਖ਼ਤੀ

ਅਸਥਾਈ ਵੀਜ਼ਾ ਧਾਰਕਾਂ ਵੱਲੋਂ ਵਾਰ-ਵਾਰ ਵੀਜ਼ਾ ਸ਼੍ਰੇਣੀ ਬਦਲ ਕੇ ਜਾਂ ਨਵਾਂ ਵਿਦਿਆਰਥੀ ਵੀਜ਼ਾ ਲੈ ਕੇ ਆਸਟ੍ਰੇਲੀਆ ਵਿੱਚ ਰਹਿਣ ਦੀ ਮਿਆਦ ਵਧਾਉਣ ਦੀ ਪ੍ਰਥਾ ਨੂੰ ਰੋਕਣ ਲਈ ਸਰਕਾਰ ਵੱਲੋਂ ਨਿਯਮ ਸਖ਼ਤ ਕੀਤੇ ਜਾਣਗੇ।

ਵਿਜ਼ਟਰ ਵੀਜ਼ਿਆਂ ’ਤੇ ‘ਨੋ ਫਰਦਰ ਸਟੇਅ’

ਸਰਕਾਰ ਨੇ ਵਿਜ਼ਟਰ ਵੀਜ਼ਿਆਂ ’ਤੇ ‘ਨੋ ਫਰਦਰ ਸਟੇਅ’ ਸ਼ਰਤ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਵਿਜ਼ਟਰ ਵੀਜ਼ੇ ਰਾਹੀਂ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਦੇਸ਼ ਅੰਦਰ ਰਹਿੰਦਿਆਂ ਕਿਸੇ ਹੋਰ ਵੀਜ਼ਾ ਵਿੱਚ ਤਬਦੀਲੀ ਦੇ ਰਸਤੇ ਨੂੰ ਸੀਮਤ ਕਰਨਾ ਹੈ।

ਵਰਕਿੰਗ ਹੋਲੀਡੇ ਮੇਕਰ ਪ੍ਰੋਗਰਾਮ ਵਿੱਚ ਬਦਲਾਅ

ਦੂਜੇ ਅਤੇ ਤੀਜੇ ਸਾਲ ਦੇ ਵਰਕਿੰਗ ਹੋਲੀਡੇ ਵੀਜ਼ਿਆਂ ਲਈ ਬੈਲਟ ਪ੍ਰਣਾਲੀ ਲਿਆਂਦੀ ਜਾਵੇਗੀ। ਖੇਤਰੀ ਇਲਾਕਿਆਂ ਵਿੱਚ ਕੰਮ ਕਰਨ ਦੀ ਮੌਜੂਦਾ ਸ਼ਰਤ ਜਾਰੀ ਰਹੇਗੀ। ਸਰਕਾਰ ਨੇ ਇਨ੍ਹਾਂ ਵੀਜ਼ਿਆਂ ਦੀ ਪ੍ਰੋਸੈਸਿੰਗ ਨੂੰ ਲਗਭਗ ਤਿੰਨ ਮਹੀਨਿਆਂ ਵਿੱਚ ਸਥਿਰ ਕਰਨ ਦਾ ਟੀਚਾ ਵੀ ਰੱਖਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ ਨੇ ਡਿਪਰੋਟ ਕਰ 'ਤੇ 60 ਫ਼ੀਸਦੀ ਪੰਜਾਬੀ ! ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਹੁਨਰਮੰਦ ਪ੍ਰਵਾਸ ਲਈ ਤਰਜੀਹੀ ਖੇਤਰ

ਸਿਹਤ, ਉਸਾਰੀ, ਸਿੱਖਿਆ, ਕਾਨੂੰਨ ਲਾਗੂ ਕਰਨ, ਰੱਖਿਆ, ਸਰੋਤ, ਖੇਤੀਬਾੜੀ ਅਤੇ ਮੱਛੀ ਪਾਲਣ ਵਰਗੇ ਖੇਤਰਾਂ ਨਾਲ ਸਬੰਧਤ ਅਰਜ਼ੀਆਂ ਦੀ ਪ੍ਰੋਸੈਸਿੰਗ ਨੂੰ ਤਰਜੀਹ ਦੇਣ ਲਈ ਮੰਤਰੀ ਪੱਧਰੀ ਨਿਰਦੇਸ਼ਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਇਸ ਦਾ ਅਰਥ ਇਹ ਨਹੀਂ ਕਿ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਆਪਣੇ ਆਪ ਹੁਨਰਮੰਦ ਵੀਜ਼ਾ ਮਿਲੇਗਾ; ਸਗੋਂ ਯੋਗ ਅਰਜ਼ੀਆਂ ਦੀ ਪ੍ਰੋਸੈਸਿੰਗ ਨੂੰ ਤਰਜੀਹ ਦਿੱਤੀ ਜਾਵੇਗੀ।

ਵੀਜ਼ਾ ਓਵਰਸਟੇਅਰ ਕਰਨ ਵਾਲਿਆਂ ਅਤੇ ਏਜੰਟਾਂ ’ਤੇ ਸਖ਼ਤੀ

ਬਿਨਾਂ ਵੈਧ ਵੀਜ਼ੇ ਦੇ ਆਸਟ੍ਰੇਲੀਆ ਵਿੱਚ ਰਹਿਣ ਵਾਲਿਆਂ ਵਿਰੁੱਧ ਕਾਰਵਾਈ ਨੂੰ ਹੋਰ ਸਖ਼ਤ ਕੀਤਾ ਜਾਵੇਗਾ। ਗ੍ਰਹਿ ਮਾਮਲਿਆਂ ਦੇ ਵਿਭਾਗ ਦਾ ਅਨੁਮਾਨ ਹੈ ਕਿ ਲਗਭਗ 77,000 ਲੋਕ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਗੈਰ-ਕਾਨੂੰਨੀ ਢੰਗ ਨਾਲ ਇੱਥੇ ਰਹਿ ਰਹੇ ਹਨ। ਇਸ ਦੇ ਨਾਲ ਹੀ ਅਜਿਹੇ ਮਾਈਗ੍ਰੇਸ਼ਨ ਏਜੰਟਾਂ ਵਿਰੁੱਧ ਵੀ ਸਖ਼ਤ ਕਾਰਵਾਈ ਅਤੇ ਜੁਰਮਾਨਿਆਂ ਦੀ ਵਿਵਸਥਾ ਕੀਤੀ ਜਾਵੇਗੀ ਜੋ ਜਾਣਬੁੱਝ ਕੇ ਗੈਰ-ਯੋਗ ਵੀਜ਼ਾ ਅਰਜ਼ੀਆਂ ਵਿੱਚ ਮਦਦ ਕਰਦੇ ਹਨ।

ਮੌਜੂਦਾ ਵਿਦਿਆਰਥੀਆਂ ਲਈ ਅਹਿਮ ਗੱਲ

ਇਨ੍ਹਾਂ ਐਲਾਨਾਂ ਦਾ ਇਹ ਅਰਥ ਨਹੀਂ ਕਿ ਹਰ ਮੌਜੂਦਾ ਅੰਤਰਰਾਸ਼ਟਰੀ ਵਿਦਿਆਰਥੀ ਦਾ ਵੀਜ਼ਾ ਤੁਰੰਤ ਬਦਲ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ‘ਵੀਜ਼ਾ ਹੌਪਿੰਗ’ ਸਬੰਧੀ ਨਵੇਂ ਨਿਯਮਾਂ ਦੇ ਵਿਸਥਾਰ ਅਤੇ ਲਾਗੂ ਹੋਣ ਦੀਆਂ ਤਾਰੀਖਾਂ ਬਾਰੇ ਹੋਰ ਵੇਰਵੇ ਸਰਕਾਰ ਵੱਲੋਂ ਜਾਰੀ ਕੀਤੇ ਜਾਣੇ ਬਾਕੀ ਹਨ। ਇਸ ਲਈ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਬਿਨੈਕਾਰਾਂ ਨੂੰ ਆਪਣੇ ਵੀਜ਼ੇ ਦੀਆਂ ਸ਼ਰਤਾਂ ਅਤੇ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ’ਤੇ ਨਜ਼ਰ ਰੱਖਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News