ਜੰਗਬੰਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ! 104 ਲੋਕਾਂ ਦੀ ਮੌਤ, ਸੈਂਕੜੇ ਹੋਰ ਜ਼ਖ਼ਮੀ
Thursday, Oct 30, 2025 - 12:07 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਗਾਜ਼ਾ ਵਿਚ ਜੰਗਬੰਦੀ ਲਾਗੂ ਹੋਣ ਦੌਰਾਨ ਇਕ ਵਾਰ ਫਿਰ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਘੱਟੋ-ਘੱਟ 104 ਫਿਲਸਤੀਨੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 46 ਬੱਚੇ ਵੀ ਸ਼ਾਮਲ ਹਨ, ਜਦਕਿ 253 ਲੋਕ ਜ਼ਖਮੀ ਹੋਏ ਹਨ।
ਇਹ ਇਜ਼ਰਾਈਲ ਅਤੇ ਹਮਾਸ ਵਿਚਕਾਰ 9 ਅਕਤੂਬਰ ਨੂੰ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਹੈ। ਹਾਲਾਂਕਿ ਇਜ਼ਰਾਈਲੀ ਫੌਜ ਨੇ ਬਾਅਦ ਵਿਚ ਕਿਹਾ ਕਿ ਗਾਜ਼ਾ ’ਚ ਜੰਗਬੰਦੀ ਬਹਾਲ ਕਰ ਦਿੱਤੀ ਗਈ ਹੈ। ਇਜ਼ਰਾਈਲ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਹਮਾਸ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਗਾਜ਼ਾ ਵਿਚ ਤਾਇਨਾਤ ਉਸ ਦੇ ਫੌਜੀਆਂ ’ਤੇ ਹਮਲਾ ਕੀਤਾ ਹੈ। ਇਹ ਕਾਰਵਾਈ ਇਸੇ ਹਮਲੇ ਦੇ ਜਵਾਬ ਵਿਚ ਕੀਤੀ ਗਈ ਸੀ। ਹਾਲਾਂਕਿ ਹਮਾਸ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਜੰਗਬੰਦੀ ਦੀ ਪਾਲਣਾ ਕਰ ਰਿਹਾ ਹੈ।

ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ’ਚ ਗਾਜ਼ਾ ਸਿਟੀ, ਖਾਨ ਯੂਨਿਸ, ਬੇਤ ਲਾਹੀਆ ਅਤੇ ਅਲ-ਬੁਰੈਜ ਵਰਗੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲੀ ਹਮਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਆਪਣੇ ਫੌਜੀ ਦੀ ਹੱਤਿਆ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਹਮਲੇ ਨਾਲ ਜੰਗਬੰਦੀ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਮਾਸ ਨੂੰ ਸੰਜਮ ਵਰਤਣਾ ਚਾਹੀਦਾ ਹੈ।

ਹਮਾਸ ਨੇ ਸੋਮਵਾਰ ਰਾਤ ਨੂੰ ਇਕ ਇਜ਼ਰਾਈਲੀ ਬੰਧਕ ਦੇ ਸਰੀਰ ਦਾ ਇਕ ਟੁਕੜਾ ਤਾਬੂਤ ’ਚ ਵਾਪਸ ਕੀਤਾ। ਬਾਅਦ ਵਿਚ ਜਾਂਚ ਤੋਂ ਪਤਾ ਲੱਗਾ ਕਿ ਇਹ ਓਫਿਰ ਤਜ਼ਰਫਾਤੀ ਦੇ ਸਰੀਰ ਦਾ ਹਿੱਸਾ ਸੀ, ਜਿਸ ਨੂੰ ਇਜ਼ਰਾਈਲੀ ਫੌਜ ਨੇ ਦਸੰਬਰ 2023 ਵਿਚ ਪਹਿਲਾਂ ਹੀ ਲੱਭ ਲਿਆ ਸੀ।
ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਹਮਾਸ ਦੇ ਕਰਮਚਾਰੀ ਇਕ ਇਮਾਰਤ ਤੋਂ ਤਜ਼ਾਰਫਾਤੀ ਦੇ ਅਵਸ਼ੇਸ਼ਾਂ ਨੂੰ ਹਟਾ ਕੇ ਇਕ ਵੱਡੇ ਟੋਏ ’ਚ ਰੱਖਦੇ ਦਿਖਾਈ ਦੇ ਰਹੇ ਹਨ। ਫਿਰ ਉਹ ਸਰੀਰ ਨੂੰ ਮਿੱਟੀ ਨਾਲ ਢਕ ਦਿੰਦੇ ਹਨ। ਫਿਰ ਉਹ ਰੈੱਡ ਕਰਾਸ ਸਾਹਮਣੇ ਨਾਟਕ ਕਰਦੇ ਹਨ ਕਿ ਉਨ੍ਹਾਂ ਨੇ ਇਸ ਨੂੰ ਪਹਿਲੀ ਵਾਰ ਹੁਣੇ ਲੱਭਿਆ ਹੈ। ਪੂਰੀ ਘਟਨਾ ਨੂੰ ਇਕ ਇਜ਼ਰਾਈਲੀ ਡਰੋਨ ਨੇ ਕੈਮਰੇ ਵਿਚ ਕੈਦ ਕਰ ਲਿਆ।

ਇਸ ਨਾਲ ਇਜ਼ਰਾਈਲੀ ਜਨਤਾ ’ਚ ਗੁੱਸਾ ਵਧ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਹਮਾਸ ਜਾਣਬੁੱਝ ਕੇ ਝੂਠ ਬੋਲ ਰਿਹਾ ਹੈ ਅਤੇ ਇਜ਼ਰਾਈਲ ਦਾ ਮਜ਼ਾਕ ਉਡਾ ਰਿਹਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਮਾਮਲੇ ’ਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਹਮਲੇ ਦਾ ਹੁਕਮ ਦਿੱਤਾ।

