ਬਾਈਡੇਨ ਨੇ ਕਾਬੁਲ ’ਚ ਜ਼ਖ਼ਮੀ ਹੋਏ ਫੌਜੀਆਂ ਦਾ ਹਸਪਤਾਲ ਜਾ ਕੇ ਪੁੱਛਿਆ ਹਾਲ
Friday, Sep 03, 2021 - 08:33 PM (IST)
 
            
            ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਪਿਛਲੇ ਮਹੀਨੇ ਕਾਬੁਲ ’ਚ ਹੋਏ ਹਮਲੇ ਕਾਰਨ 13 ਅਮਰੀਕੀ ਫੌਜੀਆਂ ਦੀ ਮੌਤ ਹੋਣ ਦੇ ਨਾਲ ਕਈ ਫੌਜੀ ਜ਼ਖ਼ਮੀ ਵੀ ਹੋਏ ਸਨ, ਜੋ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਇਨ੍ਹਾਂ ਫੌਜੀਆਂ ਦਾ ਹਾਲ ਪੁੱਛਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੀ ਪਤਨੀ ਜਿਲ ਬਾਈਡੇਨ ਸਮੇਤ 2 ਸਤੰਬਰ ਨੂੰ ਮੈਰੀਲੈਂਡ ਦੇ ਬੈਥੇਸਡਾ ’ਚ ਵਾਲਟਰ ਰੀਡ ਮਿਲਟਰੀ ਮੈਡੀਕਲ ਸੈਂਟਰ ਦਾ ਦੌਰਾ ਕੀਤਾ। ਮਰੀਨ ਕੋਰ ਦੇ ਅਨੁਸਾਰ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਬੇ ਗੇਟ ਦੇ ਬਾਹਰ ਹੋਏ ਧਮਾਕੇ ’ਚ ਜ਼ਖਮੀ ਹੋਏ ਤਕਰੀਬਨ 15 ਮਰੀਨ ਫੌਜੀਆਂ ਦਾ ਵਾਲਟਰ ਰੀਡ ਵਿਖੇ ਇਲਾਜ ਕੀਤਾ ਜਾ ਰਿਹਾ ਹੈ।
ਜ਼ਖ਼ਮੀ ਹੋਏ ਸਰਵਿਸ ਮੈਂਬਰਾਂ ਨੂੰ ਅਮਰੀਕਾ ਭੇਜਣ ਤੋਂ ਪਹਿਲਾਂ ਜਰਮਨੀ ਦੇ ਇੱਕ ਅਮਰੀਕੀ ਫੌਜੀ ਹਸਪਤਾਲ ਲੈਂਡਸਟਾਹਲ ਰੀਜਨਲ ਮੈਡੀਕਲ ਸੈਂਟਰ ਵਿਖੇ ਇਲਾਜ ਲਈ ਭੇਜਿਆ ਗਿਆ ਸੀ। ਬਾਈਡੇਨ ਨੇ ਹਸਪਤਾਲ ’ਚ ਦੋ ਘੰਟਿਆਂ ਤੋਂ ਘੱਟ ਸਮਾਂ ਬਿਤਾਇਆ, ਜਦਕਿ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹੋਰ ਵੇਰਵੇ ਨਹੀਂ ਦੱਸੇ ਗਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            