ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਬਾਈਡੇਨ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ

Wednesday, Dec 22, 2021 - 10:10 AM (IST)

ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਬਾਈਡੇਨ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਦੇਸ਼ ਪ੍ਰਤੀ ਉਨ੍ਹਾਂ ਦਾ ਫਰਜ਼ ਹੈ। ਬਾਈਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ 'ਚ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕਰੋਨ' ਦੇ ਵੱਧਦੇ ਮਾਮਲਿਆਂ ਨਾਲ ਨਜਿੱਠਣ ਲਈ ਉਹਨਾਂ ਨੇ 50 ਕਰੋੜ ਮੁਫਤ ਰੈਪਿਡ ਟੈਸਟ, ਹਸਪਤਾਲ ਦੀਆਂ ਸਹੂਲਤਾਂ ਅਤੇ ਟੀਕਾਕਰਨ ਦੀ ਗਤੀ ਨੂੰ ਦੁੱਗਣਾ ਕਰਨ ਦਾ ਫ਼ੈਸਲਾ ਲਿਆ ਹੈ। ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਅਪੀਲ ਸਿਆਸੀ ਨਹੀਂ ਹੈ। 

ਬਾਈਡੇਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ "ਬੂਸਟਰ" ਖੁਰਾਕ ਲਈ ਹੈ ਅਤੇ ਟੀਕਾਕਰਨ ਕਰਵਾਉਣਾ ਹਰੇਕ ਅਮਰੀਕੀ ਨਾਗਰਿਕ ਦਾ "ਰਾਸ਼ਟਰ ਪ੍ਰਤੀ ਫਰਜ਼" ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਿਰਫ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ ਜੋ ਅਸੀਂ ਕਰ ਸਕਦੇ ਹਾਂ। ਬਾਈਡੇਨ ਨੇ ਕਿਹਾ ਕਿ ਓਮੀਕਰੋਨ ਉਹਨਾਂ ਲੋਕਾਂ ਲਈ ਇਕ ਵੱਡਾ ਖਤਰਾ ਹੈ ਜਿਹਨਾਂ ਨੇ ਇਨਫੈਕਸ਼ਨ ਵਿਰੋਧੀ ਟੀਕੇ ਨਹੀਂ ਲਗਵਾਏ ਹਨ। ਬਾਈਡੇਨ ਨੇ ਸੋਸ਼ਲ ਮੀਡੀਆ ਅਤੇ ਕੇਬਲ ਟੀਵੀ 'ਤੇ ਟੀਕਾਕਰਨ ਪ੍ਰਤੀ ਨਿਰਾਸ਼ ਕਰਨ ਵਾਲੇ ਗੁੰਮਰਾਹਕੁੰਨ ਬਿਆਨ ਦੇਣ ਵਾਲੇ ਲੋਕਾਂ 'ਤੇ ਵੀ ਨਿਸ਼ਾਨਾ ਵਿੰਨ੍ਹਿਆ। 

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ, ਨਿਊਜ਼ੀਲੈਂਡ ਨੇ ਸਰਹੱਦ ਖੋਲ੍ਹਣ ਦਾ ਫ਼ੈਸਲਾ ਕੀਤਾ ਮੁਲਤਵੀ

ਬਾਈਡੇਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਸ ਵੇਰੀਐਂਟ ਨਾਲ ਨਜਿੱਠਣ ਲਈ ਸੰਘੀ ਸਰਕਾਰ ਨੂੰ ਤੇਜ਼ੀ ਨਾਲ ਕਦਮ ਚੁੱਕਣ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਵਾਅਦਾ ਕੀਤਾ ਕਿ ਸਕੂਲਾਂ ਜਾਂ ਕਾਰੋਬਾਰਾਂ 'ਤੇ ਵਿਆਪਕ ਪੱਧਰ 'ਤੇ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਉਹਨਾਂ ਨੇ ਅੱਗੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਥੱਕੇ ਹੋਏ ਅਤੇ ਪਰੇਸ਼ਾਨ ਹੋ। ਅਸੀਂ ਸਾਰੇ ਚਾਹੁੰਦੇ ਹਾਂ ਕਿ ਇਹ ਹੁਣ ਖ਼ਤਮ ਹੋ ਜਾਵੇ ਪਰ ਅਸੀਂ ਅਜੇ ਵੀ ਇਸਦਾ ਸਾਹਮਣਾ ਕਰ ਰਹੇ ਹਾਂ। ਹੁਣ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਜ਼ਿਆਦਾ ਸਾਧਨ ਹਨ। ਅਸੀਂ ਇਸ ਨਾਲ ਨਜਿੱਠਣ ਲਈ ਤਿਆਰ ਹਾਂ।

ਬਾਈਡੇਨ ਨੇ ਕਿਹਾ ਕਿ ਵਿਗਿਆਨੀ ਅਜੇ ਓਮੀਕਰੋਨ ਬਾਰੇ ਸਭ ਕੁਝ ਨਹੀਂ ਜਾਣਦੇ ਹਨ ਪਰ ਉਹ ਟੀਕਿਆਂ ਬਾਰੇ ਕਾਫ਼ੀ ਜਾਣਦੇ ਹਨ।  ਇਸ ਟੀਕੇ ਮੌਤ ਦੇ ਖਤਰੇ ਖ਼ਿਲਾਫ਼ ਮਜ਼ਬੂਤ ਕਵਚ ਪ੍ਰਦਾਨ ਕਰਦੇ ਹਨ। ਵ੍ਹਾਈਟ ਹਾਊਸ ਨੇ ਦੱਸਿਆ ਕਿ 50 ਕਰੋੜ 'ਰੈਪਿਡ ਟੈਸਟ ਕਿੱਟਾਂ' ਦੀ ਖਰੀਦ ਇਸ ਨਾਲ ਨਜਿੱਠਣ ਲਈ ਬਣਾਈ ਗਈ ਨਵੀਂ ਯੋਜਨਾ ਦਾ ਅਹਿਮ ਹਿੱਸਾ ਹੈ। ਨਵੀਂ ਵੈੱਬਸਾਈਟ ਰਾਹੀਂ ਜਨਵਰੀ ਤੋਂ ਲੋਕ ਇਹ ਕਿੱਟਾਂ ਮੁਫ਼ਤ ਪ੍ਰਾਪਤ ਕਰ ਸਕਣਗੇ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਰਚ ਇੰਜਣ 'ਗੂਗਲ' ਨਾਲ ਕੰਮ ਕਰ ਰਹੇ ਹਨ ਤਾਂ ਜੋ ਲੋਕ ਆਸਾਨੀ ਨਾਲ ਆਪਣੇ ਸਭ ਤੋਂ ਨਜ਼ਦੀਕੀ ਕੋਵਿਡ-19 ਮੁਫ਼ਤ ਜਾਂਚ ਕੇਂਦਰ ਦਾ ਪਤਾ ਲਗਾ ਸਕਣ। ਇਸ ਤੋਂ ਇਲਾਵਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕਈ ਐਂਬੂਲੈਂਸਾਂ ਅਤੇ ਮੈਡੀਕਲ ਟੀਮਾਂ ਤੈਨਾਤ ਕਰੇਗੀ ਤਾਂ ਜੋ ਮਰੀਜ਼ਾਂ ਨੂੰ ਦੂਜੇ ਕੇਂਦਰਾਂ ਵਿੱਚ ਲਿਜਾਣ ਵਿੱਚ ਮਦਦ ਕੀਤੀ ਜਾ ਸਕੇ ਜੇਕਰ ਇੱਕ ਹਸਪਤਾਲ ਭਰਿਆ ਹੋਇਆ ਹੈ। ਐਂਬੂਲੈਂਸਾਂ ਨੂੰ ਨਿਊਯਾਰਕ ਅਤੇ ਮੇਨ ਲਈ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਮੈਡੀਕਲ ਟੀਮਾਂ ਨਿਊ ਹੈਂਪਸ਼ਾਇਰ, ਵਰਮੋਂਟ ਅਤੇ ਐਰੀਜ਼ੋਨਾ ਵੱਲ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਦਾ ਇਹ ਭਾਸ਼ਣ ਦੇਸ਼ ਵਿੱਚ ਤਾਲਾਬੰਦੀ ਲਗਾਉਣ ਲਈ ਨਹੀਂ ਹੋਵੇਗਾ। ਇਹ ਭਾਸ਼ਣ ਟੀਕਾਕਰਨ ਦੇ ਫਾਇਦਿਆਂ ਬਾਰੇ ਹੋਵੇਗਾ। ਦੂਜੇ ਪਾਸੇ ਬਾਈਡੇਨ ਦੇ ਚੋਟੀ ਦੇ ਮੈਡੀਕਲ ਸਲਾਹਕਾਰ ਡਾ. ਐਂਥਨੀ ਫੌਸੀ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਵਿੱਚ ਰਾਸ਼ਟਰਪਤੀ ਅਮਰੀਕੀਆਂ ਨੂੰ ਚਿਤਾਵਨੀ ਦੇਣਗੇ ਕਿ ਟੀਕੇ ਤੋਂ ਬਿਨਾਂ "ਸਰਦੀਆਂ ਕਿਵੇਂ ਹੋਣਗੀਆਂ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News