''ਨਫ਼ਰਤ ਤੋਂ ਪ੍ਰੇਰਿਤ ਹਿੰਸਾ'' ਵਿਰੁੱਧ ਕਾਰਵਾਈ ਦੀ ਲੋੜ: ਜੋਅ ਬਾਈਡੇਨ

Tuesday, Aug 29, 2023 - 04:47 PM (IST)

''ਨਫ਼ਰਤ ਤੋਂ ਪ੍ਰੇਰਿਤ ਹਿੰਸਾ'' ਵਿਰੁੱਧ ਕਾਰਵਾਈ ਦੀ ਲੋੜ: ਜੋਅ ਬਾਈਡੇਨ

ਵਾਸ਼ਿੰਗਟਨ (ਭਾਸ਼ਾ)- ਫਲੋਰੀਡਾ ਦੇ ਇਕ ਸਟੋਰ 'ਤੇ ਇਕ ਗੋਰੇ ਵਿਅਕਤੀ ਵੱਲੋਂ ਗੋਲੀਬਾਰੀ ਕਰਕੇ 3 ਲੋਕਾਂ ਦਾ ਕਤਲ ਕਰਨ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਕਿਹਾ ਕਿ 'ਨਫ਼ਰਤ ਤੋਂ ਪ੍ਰੇਰਿਤ' ਇਸ ਤਰ੍ਹਾਂ ਦੀ ਹਿੰਸਾ ਨੂੰ ਖਤਮ ਕਰਨ ਲਈ ਕਦਮ ਚੁੱਕਣ ਦੀ ਲੋੜ ਹੈ। ਬਾਈਡੇਨ ਨੇ ਕਿਹਾ, "ਅਸੀਂ ਨਫ਼ਰਤ ਨੂੰ ਹਾਵੀ ਨਹੀਂ ਹੋਣ ਦੇ ਸਕਦੇ, ਪਰ ਇਹ ਵੱਧ ਰਹੀ ਹੈ। ਇਹ ਘੱਟ ਨਹੀਂ ਰਹੀ।" ਉਨ੍ਹਾਂ ਇਹ ਗੱਲ ‘ਮਾਰਚ ਆਨ ਵਾਸ਼ਿੰਗਟਨ’ ਦੀ 60ਵੀਂ ਵਰ੍ਹੇਗੰਢ ਮੌਕੇ ਨਾਗਰਿਕ ਅਧਿਕਾਰ ਸਮਰਥਕਾਂ ਅਤੇ ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰਾਂ ਦੇ ਸੰਘਰਸ਼ ਦੇ ਆਗੂ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਬੱਚਿਆਂ ਨਾਲ ਮੁਲਾਕਾਤ ਕਰਦਿਆਂ ਕਹੀ। ਅਮਰੀਕਾ ਵਿਚ 28 ਅਗਸਤ 1963 ਨੂੰ ਅਫਰੀਕੀ-ਅਮਰੀਕੀਆਂ ਦੇ ਨਾਗਰਿਕ ਅਤੇ ਆਰਥਿਕ ਅਧਿਕਾਰਾਂ ਦੀ ਰੱਖਿਆ ਲਈ ਵਾਸ਼ਿੰਗਟਨ ਵਿਚ ਇਕ ਮਾਰਚ ਕੱਢਿਆ ਗਿਆ ਸੀ, ਜਿਸ ਨੂੰ 'ਮਾਰਚ ਆਨ ਵਾਸ਼ਿੰਗਟਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਬਾਈਡੇਨ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਚੁੱਪੀ ਮਿਲੀਭੁਗਤ ਦੇ ਬਰਾਬਰ ਹੈ ਅਤੇ ਅਸੀਂ ਸਾਰਿਆਂ ਨੇ ਇਹ ਕਈ ਵਾਰ ਕਿਹਾ ਹੈ। ਅਸੀਂ ਚੁੱਪ ਨਹੀਂ ਰਹਾਂਗੇ ਅਤੇ ਇਸ ਲਈ ਸਾਨੂੰ ਨਫ਼ਰਤ ਤੋਂ ਪ੍ਰੇਰਿਤ ਇਸ ਹਿੰਸਾ ਵਿਰੁੱਧ ਕਾਰਵਾਈ ਕਰਨੀ ਪਵੇਗੀ।” ਫਲੋਰੀਡਾ ਦੇ ਜੈਕਸਨਵਿਲੇ ਵਿੱਚ ਇੱਕ ਸਟੋਰ ਵਿੱਚ ਇੱਕ ਗੋਰੇ ਵਿਅਕਤੀ ਨੇ ਸ਼ਨੀਵਾਰ ਨੂੰ 3 ਗੈਰ ਗੋਰੇ ਲੋਕਾਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਸਥਾਨਕ ਸ਼ੈਰਿਫ ਨੇ ਹਮਲੇ ਨੂੰ "ਨਸਲਵਾਦ ਤੋਂ ਪ੍ਰੇਰਿਤ" ਦੱਸਿਆ ਹੈ। ਇਹ ਪੁੱਛੇ ਜਾਣ 'ਤੇ ਕਿ ਉਹ ਇਸ ਨਫ਼ਰਤ ਨੂੰ ਕਿਵੇਂ ਰੋਕਣਗੇ, ਬਾਈਡੇਨ ਨੇ ਕਿਹਾ, "ਅਮਰੀਕੀ ਲੋਕਾਂ ਨਾਲ ਸਿੱਧੇ ਤੌਰ 'ਤੇ ਗੱਲ ਕਰਕੇ... ਕਿਉਂਕਿ ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਅਮਰੀਕੀ ਮੇਰੀ ਗੱਲ ਨਾਲ ਸਹਿਮਤ ਹਨ, ਪਰ ਸਾਨੂੰ ਸਮਝਣਾ ਹੋਵੇਗਾ ਕਿ ਇਹ ਇੱਕ ਗੰਭੀਰ ਮੁੱਦਾ ਹੈ।"


author

cherry

Content Editor

Related News