ਬਾਈਡੇਨ ਨੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਕੀਤੀ ਗੱਲਬਾਤ, ਇਹਨਾਂ ਮੁੱਦਿਆਂ ''ਤੇ ਹੋਈ ਚਰਚਾ
Friday, Sep 10, 2021 - 12:11 PM (IST)
ਵਾਸ਼ਿੰਗਟਨ/ਬੀਜਿੰਗ (ਬਿਊਰੋ) ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਦੇ ਰਾਸ਼ਟਰਪਤੀ ਅਤੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਗੱਲ ਕੀਤੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਵੀਰਵਾਰ ਨੂੰ 7 ਮਹੀਨਿਆਂ ਵਿਚ ਪਹਿਲੀ ਵਾਰ ਆਪਣੇ ਚੀਨੀ ਹਮਰੁਤਬਾ ਜਿਨਪਿੰਗ ਨਾਲ ਗੱਲ ਕੀਤੀ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਈਡੇਨ ਨੇ ਜਿਨਪਿੰਗ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਦੋਵੇਂ ਦੇਸ਼ ਪ੍ਰਤੀਯੋਗੀ ਬਣੇ ਰਹਿਣ ਪਰ ਭਵਿੱਖ ਵਿਚ ਦੋਹਾਂ ਦੇਸ਼ਾਂ ਵਿਚਕਾਰ ਅਜਿਹੀ ਕੋਈ ਸਥਿਤੀ ਨਾ ਹੋਵੇ ਜਿੱਥੇ ਸੰਘਰਸ਼ ਦੇ ਹਾਲਾਤ ਬਣਨ।
ਦੋਹਾਂ ਵਿਚਕਾਰ ਗੱਲਬਾਤ ਦਾ ਉਦੇਸ਼ ਇਹ ਯਕੀਨੀ ਕਰਨਾ ਸੀ ਕਿ ਦੋਹਾਂ ਸ਼ਕਤੀਆਂ ਵਿਚਾਲੇ 'ਮੁਕਾਬਲਾ' ਕਿਤੇ ਸੰਘਰਸ਼ ਦਾ ਰੂਪ ਨਾ ਲੈ ਲਵੇ। ਇਹ ਗੱਲਬਾਤ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਚੀਨ ਵੱਲੋਂ ਕੀਤੀ ਜਾ ਰਹੀ ਸਾਈਬਰ ਸੁਰੱਖਿਆ ਉਲੰਘਣਾ, ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਢੰਗ ਨਾਲ ਅਮਰੀਕਾ ਨਾਰਾਜ਼ ਹੈ।ਹਾਲ ਹੀ ਵਿਚ ਵ੍ਹਾਈਟ ਹਾਊਸ ਨੇ ਚੀਨੀ ਵਪਾਰ ਨਿਯਮਾਂ ਨੂੰ ਜ਼ਬਰੀ ਅਤੇ ਨਾਜਾਇਜ਼ ਕਰਾਰ ਦਿੱਤਾ ਸੀ। ਸਮਾਚਾਰ ਏਜੰਸੀ ਏ.ਐੱਫ.ਪੀ. ਮੁਤਾਬਕ ਨਾਮ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਗੱਲਬਾਤ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਦੀ ਜ਼ਿੰਮੇਵਾਰੀ ਤੈਅ ਕਰਨਾ ਸੀ।
ਪੜ੍ਹੋ ਇਹ ਅਹਿਮ ਖਬਰ- 9/11 ਤੋਂ ਬਾਅਦ ਅਮਰੀਕਨ ਸਿੱਖ ਅਜੇ ਵੀ ਨਫ਼ਰਤ ਦੇ ਸ਼ਿਕਾਰ : ਸਤਨਾਮ ਸਿੰਘ ਚਾਹਲ
ਇਹਨਾਂ ਮੁੱਦਿਆਂ 'ਤੇ ਹੋਈ ਗੱਲਬਾਤ
ਅਧਿਕਾਰੀ ਨੇ ਕਿਹਾ ਕਿ ਇਹ ਗੱਲਬਾਤ ਵਿਆਪਕ ਅਤੇ ਰਣਨੀਤਕ ਮੁੱਦਿਆਂ 'ਤੇ ਕੇਂਦਰਿਤ ਸੀ। ਭਾਵੇਂਕਿ ਇਸ ਗੱਲਬਾਤ ਵਿਚ ਪਹਿਲਾਂ ਤੋਂ ਅੱਧ ਵਿਚਾਲੇ ਲਟਕੇ ਮੁੱਦਿਆਂ ਜਾਂ ਬਾਈਡੇਨ-ਜਿਨਪਿੰਗ ਵਿਚਕਾਰ ਸੰਮੇਲਨ 'ਤੇ ਕੋਈ ਠੋਸ ਫ਼ੈਸਲਾ ਨਹੀਂ ਹੋਇਆ। ਅਧਿਕਾਰੀ ਨੇ ਕਿਹਾ ਕਿ ਸਾਡਾ ਉਦੇਸ਼ ਚੀਨ ਅਤੇ ਅਮਰੀਕਾ ਨੂੰ ਇਕ ਸਥਿਰ ਹਾਲਾਤ ਵਿਚ ਪਹੁੰਚਾਉਣਾ ਹੈ। ਵ੍ਹਾਈਟ ਹਾਊਸ ਨੂੰ ਆਸ ਹੈ ਕਿ ਵੱਧਦੇ ਮਤਭੇਦਾਂ ਦੇ ਬਾਵਜੂਦ ਦੋਵੇਂ ਪੱਖ ਜਲਵਾਯੂ ਤਬਦੀਲੀ ਅਤੇ ਕੋਰੀਆਈ ਪ੍ਰਾਇਦੀਪ 'ਤੇ ਪਰਮਾਣੂ ਸੰਕਟ ਨੂੰ ਰੋਕਣ ਸਮੇਤ ਹੋਰ ਮੁੱਦਿਆਂ 'ਤੇ ਮਿਲ ਕੇ ਕੰਮ ਕਰ ਸਕਦੇ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਗੱਲਬਾਤ ਦੌਰਾਨ ਨੇਤਾਵਾਂ ਨੇ ਉਹਨਾਂ ਮੁੱਦਿਆਂ 'ਤੇ ਖੁੱਲ੍ਹੇ ਅਤੇ ਸਿੱਧੇ ਤੌਰ 'ਤੇ ਗੱਲਬਾਤ ਕਰਨ 'ਤੇ ਸਹਿਮਤੀ ਦਿੱਤੀ ਜਿੱਥੇ ਰਾਸ਼ਟਰਾਂ ਵਿਚਾਲੇ ਮਤਭੇਦ ਹਨ।