ਬਾਈਡੇਨ ਪ੍ਰਸ਼ਾਸਨ ਨੇ ਕੀਤੀ ਸੋਮਾਲੀਆ ’ਚ ਪਹਿਲੀ ਏਅਰ ਸਟਰਾਈਕ
Wednesday, Jul 21, 2021 - 07:23 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਸੱਤਾ ਸੰਭਾਲਣ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਅਧੀਨ ਮੰਗਲਵਾਰ ਨੂੰ ਅਮਰੀਕੀ ਫੌਜ ਨੇ ਸੋਮਾਲੀਆ ’ਚ ਅੱਤਵਾਦੀਆਂ ਖਿਲਾਫ ਪਹਿਲੀ ਏਅਰ ਸਟਰਾਈਕ (ਹਵਾਈ ਹਮਲਾ) ਕੀਤੀ ਹੈ। ਪੈਂਟਾਗਨ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਇਸ ਹਵਾਈ ਹਮਲੇ ਨੇ ਸੋਮਾਲੀਆ ਦੇ ਗਲਾਕਾਯੋ ਸ਼ਹਿਰ ’ਚ ਅਲ ਸ਼ਬਾਬ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਸ ਏਅਰ ਸਟਰਾਈਕ ’ਚ ਕਿਸੇ ਦੇ ਮਰਨ ਜਾਂ ਜ਼ਖ਼ਮੀ ਹੋਣ ਦੀ ਜਾਣਕਾਰੀ ਫਿਲਹਾਲ ਅਸਪੱਸ਼ਟ ਹੈ । ਅਲ ਸ਼ਬਾਬ ਅੱਤਵਾਦੀ ਸੰਗਠਨ, ਓਸਾਮਾ ਬਿਨ ਲਾਦੇਨ ਵੱਲੋਂ ਸਥਾਪਿਤ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਗਰੁੱਪ ਨੇ ਲੰਮੇ ਸਮੇਂ ਤੋਂ ਸੋਮਾਲੀਆ ਦੀ ਸਰਕਾਰ ਦਾ ਤਖਤਾ ਪਲਟ ਕਰਨ ਅਤੇ ਦੇਸ਼ ’ਚ ਸਿਆਸੀ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕਾ ਅਕਸਰ ਹਵਾਈ ਹਮਲਿਆਂ ਨਾਲ ਇਸ ਸੰਗਠਨ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਪਰ ਬਾਈਡੇਨ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੋਮਾਲੀਆ ’ਚ ਇਹ ਪਹਿਲਾ ਹਮਲਾ ਸੀ। ਅਲ ਸ਼ਬਾਬ ਸੋਮਾਲੀਆ ’ਚ ਹੋਏ ਕਈ ਬੰਬ ਧਮਾਕਿਆਂ ਅਤੇ ਹੋਰ ਹਮਲਿਆਂ ਲਈ ਜ਼ਿੰਮੇਵਾਰ ਹੈ । ਹਾਲ ਹੀ ’ਚ ਇਸ ਮਹੀਨੇ ਦੇ ਸ਼ੁਰੂ ’ਚ ਇਸ ਗਰੁੱਪ ਵੱਲੋਂ ਦੇਸ਼ ਦੀ ਰਾਜਧਾਨੀ ਮੋਗਾਦੀਸ਼ੂ ’ਚ ਇੱਕ ਬੰਬ ਧਮਾਕਾ ਕੀਤਾ ਗਿਆ, ਜਿਸ ’ਚ 9 ਲੋਕਾਂ ਦੀ ਮੌਤ ਹੋ ਗਈ ਸੀ।