ਬਾਈਡੇਨ ਪ੍ਰਸ਼ਾਸਨ ਨੇ ਹਜ਼ਾਰਾਂ ਅਫਗਾਨਿਸਤਾਨੀਆਂ ਨੂੰ ਬਚਾਉਣ ਲਈ ਯੋਜਨਾ ਦੀ ਕੀਤੀ ਪੁਸ਼ਟੀ
Friday, Jun 25, 2021 - 07:20 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਫਗਾਨਿਸਤਾਨ ’ਚ ਅਮਰੀਕੀ ਫੌਜੀਆਂ ਦੀ ਤਾਇਨਾਤੀ ਸਮੇਂ ਹਜ਼ਾਰਾਂ ਅਫਗਾਨੀ ਲੋਕਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ, ਜਿਨ੍ਹਾਂ ’ਚ ਭਾਸ਼ਾ ਟਰਾਂਸਲੇਟਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਪਰ ਹੁਣ ਬਾਈਡੇਨ ਪ੍ਰਸ਼ਾਸਨ ਵੱਲੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਹੁਕਮਾਂ ਕਰਕੇ ਉਨ੍ਹਾਂ ਅਫਗਾਨੀ ਲੋਕਾਂ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਵ੍ਹਾਈਟ ਹਾਊਸ ਵੱਲੋਂ ਲੱਗਭਗ 18,000 ਅਫਗਾਨਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਨ੍ਹਾਂ ਨੇ ਅਮਰੀਕਾ ਲਈ ਭਾਸ਼ਾ ਟਰਾਂਸਲੇਟਰ ਵਜੋਂ ਕੰਮ ਕੀਤਾ ਸੀ। ਇਹ ਲੋਕ ਆਪਣੀ ਸੁਰੱਖਿਆ ਲਈ ਅਸਥਾਈ ਤੌਰ ’ਤੇ ਕਿਸੇ ਤੀਜੇ ਦੇਸ਼ ਜਾਂ ਪ੍ਰਦੇਸ਼ ’ਚ ਤਬਦੀਲ ਹੋਣ ਲਈ ਅਫਗਾਨਿਸਤਾਨ ਛੱਡ ਸਕਣਗੇ ਕਿਉਂਕਿ ਤਾਲਿਬਾਨ ਨੇ ਅਮਰੀਕੀ ਫੌਜਾਂ ਦੀ ਪੜਾਅਵਾਰ ਵਾਪਸੀ ਦੌਰਾਨ ਹੋਰ ਜ਼ਿਲ੍ਹਿਆਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਤਾਲਿਬਾਨ ਦੇ ਹੱਥੋਂ ਇਨ੍ਹਾਂ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੈਂਕੜੇ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਅਫਗਾਨ ਨਾਗਰਿਕਾਂ ਨੂੰ ਦੂਜੇ ਦੇਸ਼ਾਂ ’ਚ ਮੁੜ ਵਸਾਉਣ ਦੀਆਂ ਯੋਜਨਾਵਾਂ ਬਾਰੇ ਰਾਸ਼ਟਰਪਤੀ ਬਾਈਡੇਨ ਨੇ ਵਾਅਦਾ ਕੀਤਾ ਹੈ ਅਤੇ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲੋਕਾਂ ਦੀ ਸਭ ਤੋਂ ਪਹਿਲਾਂ ਮੇਜ਼ਬਾਨੀ ਕਰਨ ਵਾਲੇ ਦੇਸ਼ ਦਾ ਨਾਂ ਅਜੇ ਅਸਪੱਸ਼ਟ ਹੈ ਪਰ ਜੋਅ ਬਾਈਡੇਨ ਇਸ ਮੁੱਦੇ ’ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਵਿਚਾਰ ਵਟਾਂਦਰਾ ਕਰਨਗੇ, ਜੋ ਸ਼ੁੱਕਰਵਾਰ ਤੋਂ ਵ੍ਹਾਈਟ ਹਾਊਸ ਦੇ ਦੌਰੇ ’ਤੇ ਹਨ। ਇਸ ਸਮੇਂ ਸਾਰੇ 18,000 ਅਫਗਾਨਾਂ ਨੇ ਪਨਾਹ ਪ੍ਰਾਪਤ ਕਰਨ ਲਈ 14 ਸਟੈੱਪਜ਼ ਵਾਲੀ ਵਿਸ਼ੇਸ਼ ਇਮੀਗ੍ਰੇਸ਼ਨ ਵੀਜ਼ਾ ਅਰਜ਼ੀ ਪ੍ਰਕਿਰਿਆ ਪੂਰੀ ਨਹੀਂ ਕੀਤੀ । ਹੁਣ ਤੱਕ ਸਿਰਫ 9,000 ਦੇ ਲੱਗਭਗ ਅਰਜ਼ੀਆਂ ਆਰੰਭ ਹੋਈਆਂ ਹਨ।