ਪੰਜਵੀਂ ਵਾਰ ਇਜ਼ਰਾਇਲ ਦੇ PM ਬਣੇ ਨੇਤਨਯਾਹੂ, ਬਣਾਈ ਗਠਜੋੜ ਸਰਕਾਰ

05/14/2020 10:43:57 AM

ਯੇਰੂਸ਼ਲਮ- ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪੰਜਵੀਂ ਵਾਰ ਪੀ. ਐੱਮ. ਅਹੁਦੇ ਦੀ ਸਹੁੰ ਚੁੱਕਣ ਵਾਲੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਤਿੰਨ ਵਾਰ ਚੋਣਾਂ ਵਿਚ ਬਹੁਮਤ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਰਾਜਨੀਤਕ ਗਠਜੋੜ ਨਾਲ ਪੀ. ਐੱਮ. ਅਹੁਦਾ ਹਾਸਲ ਕਰ ਲਿਆ। ਪੰਜਵੀਂ ਵਾਰ ਪੀ. ਐੱਮ. ਬਣਨ ਲਈ ਉਨ੍ਹਾਂ ਨੇ ਆਪਣੇ ਵਿਰੋਧੀ ਧਿਰ ਦੇ ਨੇਤਾ ਬੇਨੀ ਗਾਂਤਜ ਨਾਲ ਹੱਥ ਮਿਲਾਇਆ ਹੈ। 
 

ਸਾਬਕਾ ਫੌਜ ਮੁਖੀ ਹਨ ਗਾਂਤਜ
ਗਾਂਤਜ ਸਾਬਕਾ ਫੌਜ ਮੁਖੀ ਹਨ। ਨੇਤਨਯਾਹੂ ਨੂੰ ਹਰਾਉਣ ਲਈ ਉਨ੍ਹਾਂ ਨੇ ਦੱਖਣ ਪੰਥੀ ਅਤੇ ਲਿਬਰਲ ਦੋਹਾਂ ਨੀਤੀਆਂ ਦਾ ਸਹਾਰਾ ਲਿਆ। ਚੋਣਾਂ ਦੌਰਾਨ ਉਹ ਨੇਤਨਯਾਹੂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਰਹੇ। ਇਹ ਵੀ ਵਾਅਦਾ ਕੀਤਾ ਕਿ ਉਹ ਨੇਤਨਯਾਹੂ ਨਾਲ ਸਰਕਾਰ ਨਹੀਂ ਬਣਾਉਣਗੇ। ਹੁਣ ਦੋਵੇਂ ਨੇਤਾ ਕਹਿ ਰਹੇ ਹਨ ਕਿ ਕੋਰੋਨਾ ਕਾਲ ਵਿਚ ਦੇਸ਼ ਨੂੰ ਸਥਿਰ ਸਰਕਾਰ ਦੀ ਜ਼ਰੂਰਤ ਹੈ, ਇਸ ਲਈ ਉਨ੍ਹਾਂ ਨੂੰ ਲੱਗਾ ਕਿ ਗਠਜੋੜ ਜ਼ਰੂਰੀ ਹੈ। 

ਨੇਤਨਯਾਹੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਸ਼ਤੇ ਕਾਫੀ ਮਜ਼ਬੂਤ ਹਨ। ਬੇਨੀ ਗਾਂਤਜ ਵੀ ਕਈ ਵਾਰ ਭਾਰਤ ਨੂੰ ਮਜ਼ਬੂਤ ਲੋਕਤੰਤਰ ਅਤੇ ਉੱਭਰਦੀ ਹੋਈ ਤਾਕਤ ਕਰਾਰ ਦੇ ਚੁੱਕੇ ਹਨ। ਇਜ਼ਰਾਇਲ ਦੇ ਰਾਜਨੀਤਕ ਵਿਸ਼ਲੇਸ਼ਕ ਯੋਹਾਨਨ ਪਲੇਸਨੇਰ ਨੇ ਇਸ ਡੀਲ ਨੂੰ ਲੋਕਤੰਤਰੀ ਯੁੱਧ ਵਿਰਾਮ ਦੱਸਿਆ ਸੀ। ਜ਼ਿਕਰਯੋਗ ਹੈ ਕਿ ਇਜ਼ਰਾਇਲ ਵਿਚ ਇਕ ਸਾਲ ਵਿਚ ਤਿੰਨ ਵਾਰ ਆਮ ਚੋਣਾਂ ਹੋ ਚੁੱਕੀਆਂ ਹਨ ਪਰ ਦੋਹਾਂ ਪਾਰਟੀਆਂ ਨੂੰ ਕਦੇ ਵੀ ਬਹੁਮਤ ਨਹੀਂ ਮਿਲ ਸਕਿਆ।


Lalita Mam

Content Editor

Related News