ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਾਹਗੇ ਦੇ ਆਰ-ਪਾਰ ਉੱਠ ਰਹੀਆਂ ਨੇ ਅਵਾਜ਼ਾਂ

02/17/2017 1:07:54 PM

 ਜਲੰਧਰ /ਲਾਹੌਰ—ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਾਹਗੇ ਦੀ ਸਰਹੱਦ ਦੇ ਆਰ-ਪਾਰ ਲਗਾਤਾਰ ਅਵਾਜ਼ਾਂ ਉੱਠ ਰਹੀਆਂ ਨੇ ਅਤੇ ਬਹੁਤ ਸਾਰੇ ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਤੋਂ ਝਲਕਦਾ ਹੈ ਕਿ ਦੋਹਾਂ ਪਾਸਿਆਂ ਦੇ ਲੋਕ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕਿੰਨੇ ਯਤਨਸ਼ੀਲ ਹਨ। ਅਸਲ ''ਚ ਕੋਈ ਵੀ ਭਾਸ਼ਾ ਉਦੋਂ ਤੱਕ ਬਹੁਪੱਖੀ ਤਰੱਕੀ ਨਹੀਂ ਕਰ ਸਕਦੀ ਜਦੋਂ ਤੱਕ ਉਸ ਨੂੰ ਪੜ੍ਹਨ, ਸੁਣਨ ਅਤੇ ਬੋਲਣ ਵਾਲੇ ਲੋਕ ਉਸ ਪ੍ਰਤੀ ਮੁਕੰਮਲ ਸੁਹਿਰਦਤਾ ਦੀ ਵਰਤੋਂ ਨਾ ਕਰਨ। ਜਿਸ ਦੇਸ਼, ਰਾਜ ਜਾਂ ਇਲਾਕੇ ਨਾਲ ਕਿਸੇ ਭਾਸ਼ਾ ਵਿਸ਼ੇਸ਼ ਦਾ ਸੰਬੰਧ ਹੁੰਦਾ ਹੈ ਉੱਥੇ ਇਸ ਗੱਲ ਦੀ ਤਵੱਕੋਂ ਕੀਤੀ ਜਾਂਦੀ ਹੈ ਕਿ ਭਾਸ਼ਾ ਨੂੰ ਆਮ ਲੋਕਾਂ ਦਾ ਪੂਰਾ ਸਤਿਕਾਰ ਮਿਲੇ ਅਤੇ ਨਾਲ ਹੀ ਸਰਕਾਰੇ-ਦਰਬਾਰੇ ਵੀ ਉਸ ਨੂੰ ਲੋੜੀਂਦਾ ਮਾਣ-ਸਨਮਾਨ ਮਿਲੇ। ਦੇਸ਼ ਦੀ 1947 ''ਚ ਹੋਈ ਵੰਡ ਤੋਂ ਪਹਿਲਾਂ ਪੰਜਾਬੀ ਭਾਸ਼ਾ ਉਸ ਵੇਲੇ ਦੇ ਵੱਡੇ ਭੂਗੋਲਿਕ ਖੇਤਰ ਵਾਲੇ ਪੰਜਾਬ ''ਚ ਬੋਲੀ ਜਾਂਦੀ ਸੀ। ਦੇਸ਼ ਦੀਆਂ ਵੰਡੀਆਂ ਪੈਣ ਨਾਲ ਪੰਜਾਬੀ ਬੋਲਣ ਵਾਲੇ ਲੋਕ ਵੀ ਵੰਡੇ ਗਏ, ਪਰ ਭਾਸ਼ਾ ਦਾ ਸਥਾਨ ਪਹਿਲਾਂ ਵਾਲਾ ਹੀ ਰਿਹਾ। ਇੱਥੋਂ ਤੱਕ ਕਿ ਭਾਰਤੀ ਪੰਜਾਬ ਅੱਗੋਂ ਫਿਰ ਹੋਰ ਹਿੱਸਿਆਂ ''ਚ ਵੰਡਿਆ ਗਿਆ ਪਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਇਨ੍ਹਾਂ ਸਭ ਵੰਡਾਂ ਦੇ ਬਾਵਜੂਦ ਆਪਣੀ ਮਾਂ-ਬੋਲੀ ਪ੍ਰਤੀ ਪੂਰੇ ਸ਼ਰਧਾਵਾਨ ਰਹੇ। ਲਹਿੰਦੇ ਅਤੇ ਚੜ੍ਹਦੇ ਪੰਜਾਬ ''ਚ ਵੱਸਦੇ ਲੋਕਾਂ ਦੀ ਆਪਸੀ ਸਾਂਝ ''ਚ ਤਾਂ ਪੰਜਾਬੀ ਬੋਲੀ ਦਾ ਵੱਡਾ ਯੋਗਦਾਨ ਹੈ ਹੀ, ਪਰ ਇਸ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਵੀ ਦੋਹੀਂ ਪਾਸੀ ਇਕੋ ਜਿਹੇ ਯਤਨ ਕੀਤੇ ਜਾ ਰਹੇ ਹਨ। ਚੜ੍ਹਦੇ ਪੰਜਾਬ ''ਚ ਪੰਜਾਬੀ ਭਾਸ਼ਾ ਨੂੰ ਮਾਣ ਦੇਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ''ਤੇ ਬਹੁਤ ਉਪਰਾਲੇ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਵੱਖ-ਵੱਖ ਖੇਤਰਾਂ ''ਚ ਨਾਮਣਾ ਖੱਟਣ ਵਾਲੀਆਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਂਦਾ ਹੈ। ਪੰਜਾਬੀ ਭਾਸ਼ਾ ''ਚ ਲਿਖਣ ਵਾਲੇ ਵਧੀਆ ਸ਼ਾਇਰ, ਵਧੀਆ ਨਾਵਲਕਾਰ ਦੇ ਨਾਲ ਹੀ ਢਾਡੀ, ਰਾਗੀ, ਪੱਤਰਕਾਰ ਅਤੇ ਕਈ ਹੋਰ ਪੰਜਾਬ ਮਾਂ-ਬੋਲੀ ਦੇ ਹੋਣਹਾਰ ਸਪੁੱਤਰ ਇਸ ਇਨਾਮ ਦੇ ਹੱਕਦਾਰ ਬਣਦੇ ਹਨ। ਇੱਥੋਂ ਤੱਕ ਕਿ ਬਾਲ ਸਾਹਿਤ ਲਿਖਣ ਵਾਲੇ ਵਧੀਆ ਸਾਹਿਤਕਾਰ ਨੂੰ ਵੀ ਹਰ ਸਾਲ ਇਹ ਇਨਾਮ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਨਿੱਜੀ ਸੰਸਥਾਵਾਂ ਵੀ ਆਪੋ-ਆਪਣੇ ਪੱਧਰ ''ਤੇ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਕਦਮ ਚੁੱਕ ਰਹੀਆਂ ਹਨ। ਪਿਛਲੇ ਦਿਨੀਂ ਲਹਿੰਦੇ ਪੰਜਾਬ ''ਚ ਵੀ ਇਕ ਅਜਿਹਾ ਕਦਮ ਚੁੱਕਿਆ ਗਿਆ, ਜਿਸ ਨਾਲ ਯਕੀਨਣ ਹੀ ਇਹ ਆਸ ਬੱਝਦੀ ਹੈ ਕਿ ਹੁਣ ਉੱਥੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਤਰੱਕੀ ਲਈ ਵੱਡੇ ਹੰਭਲੇ ਮਾਰੇ ਜਾ ਰਹੇ ਹਨ। ਪੰਜਾਬ ਇੰਸਟੀਚਿਊਟ ਆਫ ਲੈਂਗੁਏੇਜ਼, ਆਰਟ ਅਤੇ ਕਲਚਰ ਵਿਭਾਗ ਲਾਹੌਰ ਵੱਲੋਂ ਇਕ ਵੱਡਾ ਫੈਸਲਾ ਕਰਦਿਆਂ ਇਹ ਐਲਾਨ ਕੀਤਾ ਗਿਆ ਕਿ ਸਾਲ 2017 ਤੋਂ ਪੰਜਾਬੀ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਬਾਲ ਸਾਹਿਤ ਦੇ ਖੇਤਰ ''ਚ ਵੀ ਵੱਖ-ਵੱਖ ਪੁਸਤਕਾਂ ਨੂੰ ਇਨਾਮ ਦੇ ਕੇ ਸਨਮਾਨਿਆ ਜਾਵੇਗਾ। ਇਸ ਨਾਲ ਬੱਚਿਆਂ ਨੂੰ ਜਿੱਥੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਨਰੋਆ ਸਾਹਿਤ ਪੜ੍ਹਨ ਨੂੰ ਮਿਲੇਗਾ, ਉੱਥੇ ਭਾਸ਼ਾ ਦੇ ਪੱਖ ਤੋਂ ਵੀ ਇਹ ਇਕ ਚੰਗਾ ਕਦਮ ਸਾਬਤ ਹੋਵੇਗਾ। ਸੰਸਥਾ ਨੇ ਐਲਾਨ ਕੀਤਾ ਹੈ ਕਿ ਪੰਜਾਬੀ ਬਾਲ ਸਾਹਿਤ ਨਾਲ ਸੰਬੰਧਤ ਇਹ ਇਨਾਮ ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਸ਼ਫਾਕਤ ਤਨਵੀਰ ਮਿਰਜਾ ਦੀ ਯਾਦ ''ਚ ਹਰ ਸਾਲ ਦਿੱਤਾ ਜਾਵੇਗਾ। ਪੰਜਾਬੀ ਬਾਲ ਸਾਹਿਤ ''ਚ ਪ੍ਰਕਾਸ਼ਤ ਪੁਸਤਕਾਂ ''ਚੋਂ ਹਰ ਸਾਲ ਇਕ ਵਧੀਆ ਪੁਸਤਕ ਦੀ ਚੋਣ ਕਰਕੇ ਉਸ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਲਹਿੰਦੇ ਪੰਜਾਬ ਦੀ ਬਾਲ ਸਾਹਿਤ ਨਾਲ ਸੰਬੰਧਤ ਪੰਜਾਬੀ ਪੁਸਤਕ ਨੂੰ 50,000 ਰੁਪਏ ਅਤੇ ਤੀਜੇ ਸਥਾਨ ਵਾਲੀ ਪੁਸਤਕ ਨੂੰ 30,000 ਰੁਪਏ ਦੀ ਰਾਸ਼ੀ ਦਾ ਨਕਦ ਇਨਾਮ ਦੇ ਕੇ ਸਨਮਾਨਿਆ ਜਾਵੇਗਾ। ਸੰਸਥਾ ਨੇ ਇਸ ਸੰਬੰਧ ''ਚ ਇਹ ਵੀ ਦੱਸਿਆ ਹੈ ਕਿ 2017 ''ਚ ਦਿੱਤੇ ਜਾਣ ਵਾਲੇ ਇਸ ਇਨਾਮ ਲਈ ਸਿਰਫ 2016 ''ਚ ਪ੍ਰਕਾਸ਼ਿਤ ਹੋਈਆਂ ਪੁਸਤਕਾਂ ''ਚੋਂ ਹੀ ਚੋਣ ਕੀਤੀ ਜਾਵੇਗੀ। ਫਿਰ ਅੱਗੋਂ ਹਰ ਸਾਲ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ। ਸੰਸਥਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਪੰਜਾਬੀ ਬਾਲ ਸਾਹਿਤ ਦੇ ਨਾਲ-ਨਾਲ ਪੰਜਾਬੀ ਭਾਸ਼ਾ ''ਚ ਰਚੇ ਗਏ ਹੋਰ ਨਰੋਏ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ''ਤੇ ਵੀ ਇਸੇ ਤਰ੍ਹਾਂ ਇਨਾਮ ਦਿੱਤਾ ਜਾਣਗੇ। ਬਾਲ ਸਾਹਿਤ ਨੂੰ ਮਾਣ ਦਿੱਤੇ ਜਾਣ ਨਾਲ ਇਸ ਗੱਲ ਦੀ ਆਸ ਬੱਝੇਗੀ ਕਿ ਪਾਕਿਸਤਾਨ ਦੇ ਸਕੂਲਾਂ ''ਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਆਪਣੀ ਮਾਤ ਭਾਸ਼ਾ ਦੇ ਪ੍ਰਤੀ ਉਤਸ਼ਾਹ ਵਧੇਗਾ ਅਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਸਾਹਿਤ ਅਤੇ ਸੱਭਿਆਚਾਰ ਦਾ ਰੁਤਬਾ ਵੀ ਬੁਲੰਦ ਹੋਵੇਗਾ। ਲਹਿੰਦੇ ਪੰਜਾਬ ''ਚ ਹੋਰ ਵੀ ਬਹੁਤ ਸਾਰੇ ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਨਾਲ ਪੰਜਾਬੀ ਭਾਸ਼ਾ ਦਾ ਘੇਰਾ ਹੋਰ ਮੋਕਲਾ ਹੋ ਰਿਹਾ ਹੈ ਅਤੇ ਰੁਤਬਾ ਦਿਨੋਂ-ਦਿਨ ਬੁਲੰਦੀ ਵੱਲ ਜਾ ਰਿਹਾ ਹੈ। ਇਕੋ ਵੇਲੇ ਲਹਿੰਦੇ ਪੰਜਾਬ ਵਾਂਗ ਚੜ੍ਹਦੇ ਪੰਜਾਬ ''ਚ ਵੀ ਢੇਰ ਸਾਰੇ ਨਿੱਗਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕ ਕਰਨ ਲਈ ਅਣਗਿਣਤ ਸੈਮੀਨਾਰਾਂ, ਜਾਗ੍ਹਤੀ ਮਾਰਚਾਂ, ਕਾਨਫਰੰਸਾਂ, ਸੰਮੇਲਨਾਂ ਅਤੇ ਗੋਸ਼ਠੀਆਂ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ। ਜੇ ਸਰਹੱਦ ਦੇ ਦੋਹੀਂ ਪਾਸੀ ਯਤਨ ਜਾਰੀ ਰਹੇ ਤਾਂ ਇਕ ਦਿਨ ਪੰਜਾਬੀ ਭਾਸ਼ਾ ਸੰਸਾਰ ਦੀ ਸਰਵਉੱਚ ਭਾਸ਼ਾ ਦਾ ਰੁਤਬਾ ਹਾਸਲ ਕਰ ਸਕਦੀ ਹੈ।

                                                                                                              ਜੁਗਿੰਦਰ ਸੰਧੂ

                                                                                                            09417402327


Related News