ਕੋਵਿਡ-19 ਦੇ ਮਾਮਲਿਆਂ ’ਚ ਕਮੀ ਆਉਣ ਕਾਰਨ ਪੇਈਚਿੰਗ, ਸ਼ੰਘਾਈ ’ਚ ਪਾਬੰਦੀਆਂ ’ਚ ਢਿੱਲ

Monday, May 30, 2022 - 01:54 PM (IST)

ਕੋਵਿਡ-19 ਦੇ ਮਾਮਲਿਆਂ ’ਚ ਕਮੀ ਆਉਣ ਕਾਰਨ ਪੇਈਚਿੰਗ, ਸ਼ੰਘਾਈ ’ਚ ਪਾਬੰਦੀਆਂ ’ਚ ਢਿੱਲ

ਪੇਈਚਿੰਗ (ਭਾਸ਼ਾ)- ਕੋਵਿਡ-19 ਨਾਲ ਸਬੰਧਤ ਸਥਿਤੀ ਕਾਬੂ ’ਚ ਹੋਣ ਦੇ ਐਲਾਨ ਤੋਂ ਬਾਅਦ ਪਾਬੰਦੀਆਂ ’ਚ ਢਿੱਲ ਦਿੱਤੇ ਜਾਣ ਨਾਲ ਐਤਵਾਰ ਨੂੰ ਪੇਈਚਿੰਗ ਦੇ ਮਾਲ ’ਚ ਲੋਕ ਖਰੀਦਦਾਰੀ ਲਈ ਫਿਰ ਤੋਂ ਪਰਤਣ ਲੱਗੇ। ਪੇਈਚਿੰਗ ’ਚ ਦੁਕਾਨਾਂ ਅਤੇ ਦਫਤਰਾਂ ’ਚ ਕੰਮ-ਕਾਜ ਅੰਸ਼ਿਕ ਰੂਪ ’ਚ ਬਹਾਲ ਹੋ ਗਿਆ ਹੈ। ਦੁਕਾਨਦਾਰਾਂ ਅਤੇ ਲੋਕਾਂ ਨੇ ਵੀ ਹਾਲਾਤ ਆਮ ਵਾਂਗ ਬਣਾਉਣ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕੀਤਾ ਹੈ। ਸ਼ੰਘਾਈ ’ਚ ਪਾਬੰਦੀਆਂ ’ਚ ਹੌਲੀ-ਹੌਲੀ ਤਰੀਕੇ ਨਾਲ ਢਿੱਲ ਦਿੱਤੇ ਜਾਣ ਨਾਲ ਸੰਕੇਤ ਮਿਲਦਾ ਹੈ ਕਿ ਚੀਨ ਦੇ ਸਭ ਤੋਂ ਪ੍ਰਮੁੱਖ ਸ਼ਹਿਰਾਂ ’ਚ ਮਹਾਮਾਰੀ ਦਾ ਸਭ ਤੋਂ ਖ਼ਰਾਬ ਦੌਰ ਗੁਜ਼ਰ ਚੁੱਕਾ ਹੈ।

‘ਸਿਫ਼ਰ ਕੋਵਿਡ’ ਨੀਤੀ ਅਤੇ ਲਾਕਡਾਊਨ ਦੇ ਕਾਰਨ ਨਾਗਰਿਕਾਂ ’ਚ ਨਿਰਾਸ਼ਾ ਦੀ ਭਾਵਨਾ ਵਿਕਸਤ ਰਹੀ ਸੀ , ਕਿਉਂਕਿ ਉਹ ਵੇਖ ਰਹੇ ਸਨ ਕਿ ਹੋਰ ਦੇਸ਼ਾਂ ’ਚ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਹਨ ਅਤੇ ਕਈ ਪਾਬੰਦੀਆਂ ਵੀ ਖਤਮ ਕਰ ਦਿੱਤੀਆਂ ਗਈਆਂ ਹਨ। ਕੁਝ ਲੋਕਾਂ ਨੇ ਆਪਣੇ ਅਪਾਰਟਮੈਂਟ ਕੰਪਲੈਕਸ ਅਤੇ ਯੂਨੀਵਰਸਿਟੀ ਕੰਪਲੈਕਸਾਂ ’ਚ ਪ੍ਰਦਰਸ਼ਨ ਵੀ ਕੀਤਾ। ਪੇਈਚਿੰਗ ’ਚ ਰੇਸਤਰਾਂ ਅਜੇ ਵੀ ਬੰਦ ਹਨ ਹਾਲਾਂਕਿ ਲੋਕ ਖਾਣਾ ਪੈਕ ਕਰਾ ਕੇ ਲਿਜਾ ਸਕਦੇ ਹਨ। ਸ਼ੰਘਾਈ ’ਚ ਹੁਣ ਵੀ ਵਿਸ਼ੇਸ਼ ਪਾਸ ਅਤੇ ਤੈਅ ਸਮਾਂ ਹੱਦ ਦੇ ਅੰਦਰ ਹੀ ਲੋਕ ਬਾਹਰ ਨਿਕਲ ਸਕਦੇ ਹਨ। ਮਹਾਮਾਰੀ ਦੀ ਵਾਪਸੀ ਦੇ ਮੱਦੇਨਜ਼ਰ ਅਧਿਕਾਰੀ ਚੌਕਸੀ ਵਰਤ ਰਹੇ ਹਨ।

ਚੀਨ ’ਚ ਸ਼ਨੀਵਾਰ ਨੂੰ ਕੋਵਿਡ-19 ਦੇ 293 ਨਵੇਂ ਮਾਮਲੇ ਆਏ। ਇਨ੍ਹਾਂ ’ਚੋਂ 78 ਲੋਕ ਦੂਜੇ ਦੇਸ਼ਾਂ ਤੋਂ ਆਏ ਸਨ। ਸਥਾਨਕ ਪੱਧਰ ’ਤੇ ਸਭ ਤੋਂ ਜ਼ਿਆਦਾ 122 ਮਾਮਲੇ ਸ਼ੰਘਾਈ ’ਚ ਅਤੇ 21 ਮਾਮਲੇ ਪੇਈਚਿੰਗ ’ਚ ਸਾਹਮਣੇ ਆਏ। ਪੇਈਚਿੰਗ ’ਚ ਪਾਰਕ, ਜਿਮ ਅਤੇ ਸਿਨੇਮਾ ਹਾਲ ਨੂੰ 50 ਫ਼ੀਸਦੀ ਸਮਰੱਥਾ ਦੇ ਨਾਲ ਐਤਵਾਰ ਨੂੰ ਫਿਰ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ। ਪੇਈਚਿੰਗ ਦੇ ਪੇਂਡੂ ਹਿੱਸੇ ’ਚ ਚੀਨ ਦੀ ਕੰਧ ਦੇਖਣ ਲਈ ਸੋਮਵਾਰ ਤੋਂ ਸੈਲਾਨੀਆਂ ਨੂੰ ਜਾਣ ਦੀ ਆਗਿਆ ਹੋਵੇਗੀ। ਪੇਈਚਿੰਗ ਸ਼ਹਿਰ ਦੇ ਬੁਲਾਰੇ ਸ਼ੂ ਹੇਜਿਆਨ ਨੇ ਸ਼ਨੀਵਾਰ ਨੂੰ ਕਿਹਾ ਕਿ ਕੁਝ ਜ਼ਿਲਿਆਂ ’ਚ ਮਹਾਮਾਰੀ ਦੇ ਕੁਝ ਮਾਮਲੇ ਅਜੇ ਵੀ ਆ ਰਹੇ ਹਨ ਪਰ ਸਥਿਤੀ ਕਾਬੂ ’ਚ ਹੈ।


author

cherry

Content Editor

Related News