ਇਟਲੀ ‘ਚ ਦੋ ਹਾਦਸਿਆਂ ਦੌਰਾਨ ਬਰਨਾਲਾ ਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਦੀ ਮੌਤ

Thursday, Jan 28, 2021 - 08:35 AM (IST)

ਇਟਲੀ ‘ਚ ਦੋ ਹਾਦਸਿਆਂ ਦੌਰਾਨ ਬਰਨਾਲਾ ਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਦੀ ਮੌਤ

ਰੋਮ, (ਦਲਵੀਰ ਕੈਂਥ)-ਇਟਲੀ ਵਿਚ ਭਾਰਤੀ ਭਾਈਚਾਰੇ ਨਾਲ ਹੋ ਰਹੀਆਂ ਅਣਸੁਖਾਵੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਬੀਤੇ ਦਿਨੀਂ ਹੋਏ ਵੱਖ-ਵੱਖ ਸੜਕ ਹਾਦਸਿਆਂ ਤੇ ਕੋਰੋਨਾ ਕਾਰਨ ਹੋਈ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਬੇਵਕਤੀ ਮੌਤ ਦਾ ਦਰਦ ਭਾਰਤੀਆਂ ਨੂੰ ਭੁੱਲਿਆ ਨਹੀਂ ਸੀ ਕਿ ਦੋ ਹੋਰ ਵੱਖ-ਵੱਖ ਘਟਨਾਵਾਂ ਵਿਚ ਦੋ ਪੰਜਾਬੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਸੁਣਨ ਨੂੰ ਮਿਲੀ ਹੈ ।

ਜਾਣਕਾਰੀ ਅਨੁਸਾਰ ਵਿਪਨਜੀਤ ਸਿੰਘ (20) ਪੁੱਤਰ ਤਰਸੇਮ ਸਿੰਘ ਵਾਸੀ ਜੋਧਪੁਰ ਚੀਮਾ(ਬਰਨਾਲਾ) ਦੀ ਬੀਤੇ ਦਿਨ ਇਕ ਸੜਕ ਹਾਦਸੇ ਵਿਚ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਸਕੂਟਰ ਰਾਹੀਂ ਕਿਸੇ ਕੰਮ ਨੂੰ ਜਾ ਰਿਹਾ ਸੀ ਤੇ ਅਚਾਨਕ ਉਹ ਬੱਸ ਦੀ ਲਪੇਟ ਵਿਚ ਆ ਗਿਆ। ਵਿਪਨਜੀਤ ਸਿੰਘ ਦੇ ਮਾਮਾ ਅਵਤਾਰ ਸਿੰਘ ਨੇ ਫ਼ੋਨ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਵਿਪਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਸਹਾਰਾ ਸੀ, ਉਹ 4-5 ਸਾਲ ਪਹਿਲਾਂ ਹੀ ਇਟਲੀ ਆਇਆ ਸੀ।ਇਟਲੀ ਵਿਚ ਵਿਪਨਜੀਤ ਸਿੰਘ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਬੋਰਗੋ ਮਨਤੈਲੋ ਰਹਿੰਦਾ ਸੀ ।

ਘਟਨਾ ਉਸ ਸਮੇਂ ਵਾਪਰੀ ਜਦੋਂ ਬੀਤੇ ਦਿਨ ਸਵੇਰੇ ਮ੍ਰਿਤਕ ਵਿਪਨਜੀਤ ਸਿੰਘ ਕੰਮ 'ਤੇ ਜਾ ਰਿਹਾ ਸੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਵਿਪਨਜੀਤ ਸਿੰਘ ਦੀ ਕੁਝ ਸਮੇਂ ਵਿਚ ਹੀ ਮੌਤ ਹੋ ਗਈ। ਇਟਲੀ ਪੁਲਸ ਨੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ। ਇਸ ਅਣਹੋਣੀ ਕਾਰਨ ਵਿਪਨਜੀਤ ਸਿੰਘ ਦੇ ਘਰ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਮਾਪੇ ਜ਼ਿੰਦਗੀ ਦੇ ਆਖਰੀ ਸਹਾਰੇ ਦਾ ਹੁਣ ਮੂੰਹ ਦੇਖਣ ਨੂੰ ਤਰਸ ਰਹੇ ਹਨ। ਅਵਤਾਰ ਸਿੰਘ ਨੇ ਇਟਲੀ ਦੇ ਭਾਰਤੀ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੰਮਾਂ-ਕਾਰਾਂ ਤੋਂ ਆਉਂਦੇ-ਜਾਂਦੇ ਸਮੇਂ ਪੂਰੀ ਸਾਵਧਾਨੀ ਵਰਤਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਨਾ ਵਾਪਰੇ। ਮ੍ਰਿਤਕ ਵਿਪਨਜੀਤ ਸਿੰਘ ਦੀ ਲਾਸ਼ ਨੂੰ ਜਲਦ ਭਾਰਤ ਭੇਜਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ : ਗਾਜ਼ੀਪੁਰ ਬਾਰਡਰ 'ਤੇ ਰਾਤ 3 ਵਜੇ ਤੱਕ ਗਸ਼ਤ ਕਰਦੀ ਰਹੀ ਪੁਲਸ
ਇਕ ਹੋਰ ਘਟਨਾ ਵਿਚ ਪੰਜਾਬੀ ਨੌਜਵਾਨ ਮਨਦੀਪ ਸਿੰਘ (46) ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸੱਜਣ ਨਾਲ ਸਬੰਧਤ ਸੀ। ਮਨਦੀਪ ਸਿੰਘ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਉਸ ਦੀ ਲਾਸ਼ ਵੀ ਭਾਰਤ ਭੇਜਣ ਲਈ ਕਾਰਵਾਈ ਚੱਲ ਰਹੀ ਹੈ।  ਮਨਦੀਪ ਸਿੰਘ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਤਿੰਨ ਬੱਚਿਆਂ ਨੂੰ ਛੱਡ ਗਿਆ ਹੈ। 


author

Lalita Mam

Content Editor

Related News