ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਅਮਰੀਕਾ ''ਚ ਭਾਰਤੀ ਦੂਤਘਰ ਅੱਗੇ ਰੋਸ ਪ੍ਰਦਰਸ਼ਨ

Thursday, Aug 23, 2018 - 05:10 PM (IST)

ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਅਮਰੀਕਾ ''ਚ ਭਾਰਤੀ ਦੂਤਘਰ ਅੱਗੇ ਰੋਸ ਪ੍ਰਦਰਸ਼ਨ

ਸਾਨ ਫਰਾਂਸਿਸਕੋ (ਏਜੰਸੀ)— ਪੰਜਾਬ ਵਿਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਭਾਈਚਾਰੇ 'ਚ ਰੋਸ ਹੈ। ਇਨ੍ਹਾਂ ਘਟਨਾਵਾਂ ਬਾਰੇ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਜਨਤਕ ਕਰਨ ਲਈ ਪੰਜਾਬ ਸਰਕਾਰ 'ਤੇ ਵਿਦੇਸ਼ਾਂ 'ਚ ਵੀ ਸਿੱਖ ਭਾਈਚਾਰੇ ਨੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦੇ ਨਾਲ ਹੀ ਸਿੱਖ ਭਾਈਚਾਰਾ 32 ਸਾਲ ਪਹਿਲਾਂ ਨਕੋਦਰ ਵਿਚ ਵਾਪਰੇ ਬੇਅਦਬੀ ਕਾਂਡ ਨੂੰ ਵੀ ਪੂਰੇ ਜੋਸ਼ਾਂ-ਸ਼ੋਰਾਂ ਨਾਲ ਚੁੱਕ ਰਿਹਾ ਹੈ। 

ਅਮਰੀਕਾ ਦੇ ਸਾਨ ਫਰਾਂਸਿਸਕੋ 'ਚ ਭਾਰਤੀ ਦੂਤਘਰ ਅੱਗੇ ਸਿੱਖ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਸਿੱਖ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਪੰਜਾਬ ਦੇ ਲੋਕਾਂ ਸਾਹਮਣੇ ਰੱਖੀਆਂ ਜਾਣ। ਭਾਈਚਾਰੇ ਦਾ ਇਹ ਵੀ ਕਹਿਣਾ ਹੈ ਕਿ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਜੋ ਰਿਪੋਰਟ ਪੰਜਾਬ ਸਰਕਾਰ ਨੂੰ 29 ਮਾਰਚ 1987 ਦੀ ਸੌਂਪੀ ਸੀ, ਨੂੰ ਕੈਪਟਨ ਅਮਰਿੰਦਰ ਦੀ ਸਰਕਾਰ ਆ ਰਹੇ ਵਿਧਾਨ ਸਭਾ ਸੈਸ਼ਨ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬਰਗਾੜੀ ਕਾਂਡ ਦੀ ਰਿਪੋਰਟ ਨਾਲ ਹੀ ਪੇਸ਼ ਕਰਨ। ਇਹ ਮੰਗ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਕੀਤੀ। 

ਕੀ ਹੈ ਸਾਕਾ ਨਕੋਦਰ— 
4 ਫਰਵਰੀ 1986 ਨੂੰ ਨਕੋਦਰ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ 'ਤੇ ਜਾਣ ਬੁੱਝ ਕੇ ਗੋਲੀ ਚਲਾਈ ਗਈ ਸੀ, ਜਿਸ 'ਚ 19 ਸਾਲਾ ਰਵਿੰਦਰ ਸਿੰਘ ਲਿੱਤਰਾਂ ਦੇ ਗੋਲੀ ਵੱਜੀ ਤੇ ਬਾਕੀ ਦੇ 3 ਸਿੰਘਾਂ ਨੂੰ ਪਿੱਛਾ ਕਰ ਕੇ ਗੋਲੀਆਂ ਮਾਰੀਆਂ ਗਈਆਂ। ਉਸ ਸਮੇਂ ਪੰਜਾਬ ਵਿਚ ਗੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਦੀ ਅਗਵਾਈ ਵਾਲੀ ਅਕਾਲੀ ਦਲ ਸਰਕਾਰ ਨੇ ਇਸ ਮਾਮਲੇ ਦੀ ਨਿਆਂਇਕ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਕਮਿਸ਼ਨ ਵਲੋਂ 28 ਮਾਰਚ 1987 ਨੂੰ ਰਿਪੋਰਟ ਵੀ ਸੌਂਪ ਦਿੱਤੀ ਗਈ ਪਰ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਤਾਂ ਕੀ ਦੇਣਾ ਸੀ, ਸਗੋਂ ਅੱਜ ਤਕ ਉਹ ਰਿਪੋਰਟ ਜਨਤਕ ਨਹੀਂ ਕੀਤੀ। ਦੱਸਣਯੋਗ ਹੈ ਕਿ ਨਕੋਦਰ 'ਚ ਬੇਅਦਬੀ ਦੀ ਇਹ ਘਟਨਾ 2 ਫਰਵਰੀ 1986 ਨੂੰ ਵਾਪਰੀ ਸੀ।


Related News