ਬਰਾਕ ਓਬਾਮਾ ਅਤੇ ਇਸ ਅਦਾਕਾਰਾ ਨੂੰ ਪਛਾਣਦੀਆਂ ਹਨ ਭੇਡਾਂ
Thursday, Nov 09, 2017 - 04:28 AM (IST)

ਲੰਡਨ — ਪਸ਼ੂਆਂ ਨੂੰ ਵੀ ਤਸਵੀਰਾਂ ਦੇ ਮਾਧਿਅਮ ਰਾਹੀਂ ਮਨੁੱਖੀ ਚਿਹਰਿਆਂ ਦੀ ਪਛਾਣ ਕਰਨਾ ਸਿਖਾਇਆ ਜਾ ਸਕਦਾ ਹੈ। ਇਸੇ ਮੁਹਿੰਮ ਨਾਲ ਕੈਂਬ੍ਰਿਜ ਦੇ ਵਿਗਿਆਨੀਆਂ ਨੇ ਭੇਡਾਂ ਨੂੰ ਬ੍ਰਿਟੇਨੀ ਅਦਾਕਾਰਾ ਐਮਾ ਵਾਟਸਨ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਤਸਵੀਰਾਂ ਪਛਾਣਨ ਦੀ ਟ੍ਰੇਨਿੰਗ ਦਿੱਤੀ ਹੈ। ਇਹ ਅਧਿਐਨ ਭੇਡਾਂ ਦੇ ਗਿਆਨ ਹੁਨਰ ਦੀ ਪਰਖ ਲਈ ਕੀਤੇ ਗਏ ਕਈ ਪ੍ਰੀਖਣਾਂ ਦਾ ਹਿੱਸਾ ਸੀ।
ਬ੍ਰਿਟੇਨ ਵਿਚ ਯੂਨੀਵਰਸਿਟੀ ਆਫ ਕਂੈਬ੍ਰਿਜ ਦੇ ਵਿਗਿਆਨੀਆਂ ਮੁਤਾਬਕ ਆਸ ਤੋਂ ਵੱਡੇ ਆਪਣੇ ਦਿਮਾਗ ਅਤੇ ਲੰਮੀ ਉਮਰ ਕਾਰਨ ਭੇਡ ਹੰਟੀਗੰਟਸ ਬੀਮਾਰੀ ਜਿਵੇਂ ਨਿਊਰੋ ਡੀਜੇਨੇਰੇਟਿਵ ਬੀਮਾਰੀ ਦੇ ਅਧਿਐਨ ਲਈ ਇਕ ਬਿਹਤਰ ਪਸ਼ੂ ਮਾਡਲ ਹੈ। ਖੋਜਕਾਰਾਂ ਨੇ ਅੱਠ ਭੇਡਾਂ ਨੂੰ ਚਾਰ ਸੈਲੇਬ੍ਰਿਟੀ-ਫਿਓਨਾ ਬਰੂਸ, ਜੈਕ ਗਿਲੇਨਹਾਲ, ਬਰਾਕ ਓਬਾਮਾ ਅਤੇ ਐਮਾ ਵਾਟਸਨ ਦੀਆਂ ਤਸਵੀਰਾਂ ਪਛਾਣਨ ਦੀ ਟ੍ਰੇਨਿੰਗ ਦਿੱਤੀ ਸੀ। ਪ੍ਰੀਖਣ ਤਹਿਤ ਇਨ੍ਹਾਂ ਭੇਡਾਂ ਨੂੰ ਵਿਸ਼ੇਸ਼ ਡਿਜ਼ਾਈਨ ਵਾਲੇ ਪੈੱਨ ਕੋਲ ਜਾ ਕੇ ਸਹੀ ਤਸਵੀਰ ਬਾਰੇ ਫੈਸਲਾ ਕਰਨਾ ਸੀ। ਪੈੱਨ ਦੇ ਇਕ ਕਿਨਾਰੇ 'ਤੇ ਦੋ ਕੰਪਿਊਟਰ ਸਕ੍ਰੀਨ 'ਤੇ ਉਨ੍ਹਾਂ ਨੂੰ 2 ਤਸਵੀਰਾਂ ਦਿਖਾਈਆਂ ਜਾਂਦੀਆਂ ਅਤੇ ਸੈਲੇਬ੍ਰਿਟੀ ਦੀ ਸਹੀ ਤਸਵੀਰ ਪਛਾਣਨ 'ਤੇ ਉਨ੍ਹਾਂ ਨੂੰ ਇਨਾਮ ਵਿਚ ਖਾਣ ਵਾਲਾ ਸਾਮਾਨ ਦਿੱਤਾ ਜਾਂਦਾ। ਗਲਤ ਤਸਵੀਰਾਂ ਚੁਣਨ 'ਤੇ ਬਜਰ ਵਜਾਇਆ ਜਾਂਦਾ ਅਤੇ ਉਨ੍ਹਾਂ ਨੂੰ ਖਾਣ ਦਾ ਕੋਈ ਸਾਮਾਨ ਨਾ ਮਿਲਦਾ।
ਟ੍ਰੇਨਿੰਗ ਤੋਂ ਬਾਅਦ ਭੇਡਾਂ ਨੂੰ ਸੈਲੇਬ੍ਰਿਟੀ ਦੇ ਚਿਹਰੇ ਅਤੇ ਹੋਰ ਚਿਹਰੇ ਵਾਲੀਆਂ ਦੋ ਤਸਵੀਰਾਂ ਦਿਖਾਈਆਂ ਗਈਆਂ, ਜਿਸ ਵਿਚ ਉਨ੍ਹਾਂ ਨੇ ਦਸ 'ਚੋਂ ਅੱਠ ਵਾਰ ਬਿਲਕੁਲ ਸਹੀ ਤਸਵੀਰ ਨੂੰ ਚੁਣਿਆ। ਅਖੀਰ ਵਿਚ ਖੋਜਕਾਰਾਂ ਨੇ ਇਸ ਗੱਲ ਦੀ ਵੀ ਪੜਤਾਲ ਕੀਤੀ ਕਿ ਭੇਡਾਂ ਬਿਨਾਂ ਕਿਸੇ ਟ੍ਰੇਨਿੰਗ ਦੇ ਆਪਣੇ ਹੈਂਡਲਰ ਦੀ ਤਸਵੀਰ ਪਛਾਣ ਪਾਉਂਦੀਆਂ ਹਨ ਜਾਂ ਨਹੀਂ। ਇਸ ਲਈ ਹੈਂਡਲਰ ਨੂੰ ਭੇਡਾਂ ਨਾਲ ਦੋ ਘੰਟੇ ਸਮਾਂ ਬਿਤਾਉਣਾ ਸੀ ਅਤੇ ਜਦੋਂ ਸੈਲੇਬ੍ਰਿਟੀ ਦੀ ਥਾਂ 'ਤੇ ਉਨ੍ਹਾਂ ਨੂੰ ਹੈਂਡਲਰ ਦੀ ਤਸਵੀਰ ਦਿਖਾਈ ਗਈ ਤਾਂ ਉਨ੍ਹਾਂ ਨੇ ਦਸ ਵਿਚੋਂ ਸੱਤ ਵਾਰੀ ਸਹੀ ਤਸਵੀਰ ਚੁਣੀ। ਰਾਇਲ ਸੁਸਾਇਟੀ : ਓਪਨ ਸਾਇੰਸ ਰਸਾਲੇ ਵਿਚ ਪ੍ਰਕਾਸ਼ਿਤ ਅਧਿਐਨ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਜੇਨੀ ਮਾਰਟਨ ਨੇ ਕਿਹਾ ਕਿ ਭੇਡਾਂ ਨਾਲ ਸਮਾਂ ਬਿਤਾਉਣ ਵਾਲਾ ਕੋਈ ਵੀ ਵਿਅਕਤੀ ਇਹ ਜਾਣ ਜਾਵੇਗਾ ਕਿ ਉਹ ਬੁੱਧੀਮਾਨ ਹੁੰਦੀਆਂ ਹਨ ਅਤੇ ਆਪਣੇ ਹੈਂਡਲਰ ਨੂੰ ਪਛਾਣਨ ਵਿਚ ਸਮਰੱਥ ਹੁੰਦੀਆਂ ਹਨ।