ਬੰਗਲਾਦੇਸ਼ ਦੇ ਸੰਸਦ ਮੈਂਬਰ ਦਾ ਪੁੱਤਰ ਫਲੈਟ ''ਚੋਂ ਮਿਲਿਆ ਮ੍ਰਿਤਕ
Sunday, Jan 21, 2018 - 04:29 PM (IST)

ਢਾਕਾ (ਭਾਸ਼ਾ)— ਸ਼ਹਿਰ ਦੇ ਇਕ ਫਲੈਟ ਵਿਚੋਂ ਬੰਗਲਾਦੇਸ਼ ਦੇ ਇਕ ਸੰਸਦ ਮੈਂਬਰ ਦੇ 27 ਸਾਲਾਂ ਪੁੱਤਰ ਦੀ ਲਾਸ਼ ਬਰਾਮਦ ਕੀਤੀ ਗਈ। ਇਕ ਖਬਰ ਮੁਤਾਬਕ ਸਤਖਿਰਾ-1 ਦੇ ਸੰਸਦ ਮੈਂਬਰ ਮੁਸਤਫਾ ਲੁਤਫੁੱਲਾ ਦੇ ਪੁੱਤਰ ਅਨੀਕ ਅਜ਼ੀਜ਼ ਦੀ ਲਾਸ਼ ਢਾਕਾ ਦੇ ਮਾਣਿਕ ਮੀਆਂ ਐਵੇਨਿਊ ਸਥਿਤ ਨਾਮ ਭਵਨ 'ਚ ਪੱਖੇ ਨਾਲ ਲਟਕੀ ਮਿਲੀ। ਪੁਲਸ ਥਾਣੇ ਦੇ ਅਧਿਕਾਰੀ ਗਣੇਸ਼ ਗੋਪਾਲ ਵਿਸ਼ਵਾਸ ਨੇ ਕਿਹਾ ਕਿ ਅਨੀਕ ਨੇ ਗਲੇ ਵਿਚ ਤਾਰ ਦਾ ਫਾਹਾ ਲਾਇਆ ਸੀ। ਲਾਸ਼ 'ਤੇ ਸੱਟ ਦੇ ਕੋਈ ਹੋਰ ਨਿਸ਼ਾਨ ਨਹੀਂ ਸਨ।
ਪੁਲਸ ਨੂੰ ਇਹ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਇਸ ਬਾਰੇ ਪਰਿਵਾਰ ਵੀ ਕੁਝ ਨਹੀਂ ਦੱਸ ਰਿਹਾ। ਸੰਸਦ ਮੈਂਬਰ ਨੇ ਮੀਡੀਆ ਨੂੰ ਕਿਹਾ, ''ਪੋਸਟਮਾਰਟਮ ਤੋਂ ਬਾਅਦ ਸਾਰੀਆਂ ਚੀਜ਼ਾਂ ਸਾਫ ਹੋਣਗੀਆਂ।'' ਲੁਤਫੁੱਲਾ ਬੰਗਲਾਦੇਸ਼ ਵਰਕਰਸ ਪਾਰਟੀ ਦੇ ਨੇਤਾ ਹਨ। ਉਹ ਪਿਛਲੀਆਂ ਚੋਣਾਂ 'ਚ ਸਤਖਿਰਾ-1 ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੇ ਪੁੱਤਰ ਅਨੀਕ ਨੇ ਖੁਲਨਾ ਸਿਟੀ ਪੌਲੀਟੈਕਨੀਕਲ ਤੋਂ ਡਿਪਲੋਮਾ ਹਾਸਲ ਕੀਤਾ ਸੀ ਅਤੇ ਉਸ ਨੇ ਵਿਦੇਸ਼ ਵਿਚ ਅਧਿਐਨ ਲਈ ਆਈ. ਈ. ਐੱਲ. ਟੀ. ਐੱਸ. ਪ੍ਰੀਖਿਆ ਦਾ ਫਾਰਮ ਭਰਿਆ ਸੀ। ਉਹ ਫੋਟੋਗ੍ਰਾਫੀ ਦੀ ਪੜ੍ਹਾਈ ਵੀ ਕਰ ਰਿਹਾ ਸੀ।