ਬੰਗਲਾਦੇਸ਼ ਹਿੰਸਾ; ਹੁਣ ਤੱਕ 39 ਮੌਤਾਂ, 2500 ਜ਼ਖਮੀ, ਸੜਕਾਂ 'ਤੇ ਫੌਜ

Friday, Jul 19, 2024 - 10:57 AM (IST)

ਢਾਕਾ- ਨੌਕਰੀਆਂ ਵਿੱਚ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਦੇ ਵਿਦਿਆਰਥੀਆਂ ਦਾ ਅੰਦੋਲਨ ਹਿੰਸਕ ਹੋ ਗਿਆ ਹੈ। ਹਾਲਾਤ ਇੰਨੇ ਖਰਾਬ ਹਨ ਕਿ ਪੁਲਸ ਨਾਲ ਝੜਪਾਂ 'ਚ 39 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ। 2500 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ। ਲਾਠੀਆਂ, ਡੰਡਿਆਂ ਅਤੇ ਪੱਥਰਾਂ ਨਾਲ ਸੜਕਾਂ 'ਤੇ ਘੁੰਮ ਰਹੇ ਪ੍ਰਦਰਸ਼ਨਕਾਰੀ ਬੱਸਾਂ ਅਤੇ ਨਿੱਜੀ ਵਾਹਨਾਂ ਨੂੰ ਅੱਗ ਲਗਾ ਰਹੇ ਹਨ। ਫਿਲਹਾਲ ਬੰਗਲਾਦੇਸ਼ 'ਚ ਬੱਸ, ਰੇਲ ਅਤੇ ਮੈਟਰੋ ਸੇਵਾਵਾਂ ਠੱਪ ਹੋ ਗਈਆਂ ਹਨ। ਹਿੰਸਾ ਨੂੰ ਵਧਣ ਤੋਂ ਰੋਕਣ ਲਈ ਸਰਕਾਰ ਨੇ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਹੈ। ਸਕੂਲਾਂ, ਕਾਲਜਾਂ ਦੇ ਨਾਲ-ਨਾਲ ਮਦਰੱਸੇ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਦੇਸ਼ ਭਰ 'ਚ ਫੌਜ ਨੂੰ ਮੋਰਚੇ 'ਤੇ ਤਾਇਨਾਤ ਕੀਤਾ ਗਿਆ ਹੈ।

PunjabKesari

ਸਰਕਾਰੀ ਟੈਲੀਵਿਜ਼ਨ ਦਫਤਰ 'ਤੇ ਹਮਲਾ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਹਾਲ ਹੀ ਵਿੱਚ ਸਰਕਾਰੀ ਰਾਸ਼ਟਰੀ ਟੈਲੀਵਿਜ਼ਨ 'ਤੇ ਦਿਖਾਈ ਦਿੱਤੀ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ ਪਰ ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਹੋਰ ਗੁੱਸੇ 'ਚ ਆ ਗਏ। ਉਨ੍ਹਾਂ ਸਰਕਾਰੀ ਟੈਲੀਵਿਜ਼ਨ ਦੇ ਦਫ਼ਤਰ 'ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਜਿਸ ਸਮੇਂ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟੈਲੀਵਿਜ਼ਨ ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ, ਉਸ ਸਮੇਂ ਕਈ ਪੱਤਰਕਾਰਾਂ ਦੇ ਨਾਲ ਕਰੀਬ 1200 ਕਰਮਚਾਰੀ ਉੱਥੇ ਮੌਜੂਦ ਸਨ। ਪੁਲਸ ਅਤੇ ਪ੍ਰਸ਼ਾਸਨ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਿਸੇ ਤਰ੍ਹਾਂ ਉਸ ਨੂੰ ਬਚਾਇਆ।

ਅੰਦੋਲਨ ਦੌਰਾਨ ਬੱਸ ਸੇਵਾ ਪੂਰੀ ਤਰ੍ਹਾਂ ਠੱਪ 

ਅੰਦੋਲਨਕਾਰੀਆਂ ਨੂੰ ਰੋਕਣ ਲਈ ਦੰਗਾ ਵਿਰੋਧੀ ਪੁਲਸ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ, ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਗੰਭੀਰ ਜ਼ਖ਼ਮੀ ਹੋ ਰਹੇ ਹਨ। ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ। ਢਾਕਾ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚਾਲੇ ਬੱਸ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਢਾਕਾ ਦੇ ਗਬਤੌਲੀ ਅਤੇ ਸਈਅਦਾਬਾਦ ਬੱਸ ਟਰਮੀਨਲ 'ਤੇ ਬੱਸ ਕਾਊਂਟਰਾਂ 'ਤੇ ਮੌਜੂਦ ਸਟਾਫ ਅਨੁਸਾਰ ਬੱਸ ਮਾਲਕਾਂ ਨੇ ਉਨ੍ਹਾਂ ਨੂੰ ਸੜਕਾਂ 'ਤੇ ਕੋਈ ਵੀ ਬੱਸ ਨਾ ਚਲਾਉਣ ਲਈ ਕਿਹਾ ਹੈ।

ਹੈਲੀਕਾਪਟਰ ਰਾਹੀਂ ਬਚਾਏ ਗਏ 60 ਪੁਲਸ ਮੁਲਾਜ਼ਮ

ਢਾਕਾ ਟਾਈਮਜ਼ ਦੀ ਰਿਪੋਰਟ ਮੁਤਾਬਕ ਢਾਕਾ 'ਚ ਝੜਪਾਂ ਦੀ ਕਵਰੇਜ ਕਰਦੇ ਸਮੇਂ ਉਨ੍ਹਾਂ ਦੇ ਇਕ ਪੱਤਰਕਾਰ ਮਹਿੰਦੀ ਹਸਨ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਕੈਨੇਡਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਵੀ ਹਿੰਸਕ ਪ੍ਰਦਰਸ਼ਨ ਕੀਤਾ। ਇਸ ਯੂਨੀਵਰਸਿਟੀ ਦੀ ਛੱਤ ’ਤੇ 60 ਪੁਲਸ ਮੁਲਾਜ਼ਮ ਫਸੇ ਹੋਏ ਸਨ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭੁੱਲ ਜਾਓ ਕੈਨੇਡਾ ਦੀ PR, ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇ ਸਕਦੀ ਸਰਕਾਰ

ਇਸ 30% ਕੋਟੇ ਵਿਰੁੱਧ ਅੰਦੋਲਨ 

ਮੌਜੂਦਾ ਰਿਜ਼ਰਵੇਸ਼ਨ ਪ੍ਰਣਾਲੀ ਤਹਿਤ 56 ਫ਼ੀਸਦੀ ਸਰਕਾਰੀ ਨੌਕਰੀਆਂ ਰਾਖਵੀਆਂ ਹਨ। ਇਨ੍ਹਾਂ ਵਿੱਚੋਂ 30 ਫ਼ੀਸਦੀ 1971 ਦੀ ਆਜ਼ਾਦੀ ਦੀ ਲੜਾਈ ਦੇ ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਲਈ, 10 ਫੀਸਦੀ ਪੱਛੜੇ ਪ੍ਰਸ਼ਾਸਨਿਕ ਜ਼ਿਲ੍ਹਿਆਂ ਲਈ, 10 ਫੀਸਦੀ ਔਰਤਾਂ ਲਈ, 5 ਫੀਸਦੀ ਨਸਲੀ ਘੱਟ ਗਿਣਤੀ ਸਮੂਹਾਂ ਲਈ ਅਤੇ ਇੱਕ ਫ਼ੀਸਦੀ ਅਪਾਹਜ ਲੋਕਾਂ ਲਈ ਰਾਖਵਾਂ ਹੈ। ਆਜ਼ਾਦੀ ਘੁਲਾਟੀਆਂ ਦੇ ਵੰਸ਼ਜਾਂ ਨੂੰ ਦਿੱਤੇ 30 ਫੀਸਦੀ ਰਾਖਵੇਂਕਰਨ ਵਿਰੁੱਧ ਅੰਦੋਲਨ ਚਲਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਵਿੱਚ ਹਰ ਸਾਲ ਲਗਭਗ 3 ਹਜ਼ਾਰ ਸਰਕਾਰੀ ਨੌਕਰੀਆਂ ਨਿਕਲਦੀਆਂ ਹਨ, ਜਿਸ ਲਈ ਲਗਭਗ 4 ਲੱਖ ਉਮੀਦਵਾਰ ਅਪਲਾਈ ਕਰਦੇ ਹਨ।

ਬੰਗਲਾਦੇਸ਼ ਵਿੱਚ ਰਿਜ਼ਰਵੇਸ਼ਨ ਪ੍ਰਣਾਲੀ 

1. ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਵਿੱਚ 30% ਰਾਖਵਾਂਕਰਨ ਮਿਲਦਾ ਹੈ।

2. ਬੰਗਲਾਦੇਸ਼ ਵਿੱਚ ਔਰਤਾਂ ਲਈ 10 ਫੀਸਦੀ ਰਾਖਵੇਂਕਰਨ ਦਾ ਪ੍ਰਬੰਧ ਹੈ।

3. ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਲਈ 10 ਫ਼ੀਸਦੀ ਰਾਖਵਾਂਕਰਨ ਤੈਅ ਹੈ।

4. ਸੰਥਾਲ, ਪੰਖੋ, ਤ੍ਰਿਪੁਰੀ, ਚਕਮਾ ਅਤੇ ਖਾਸੀ ਵਰਗੀਆਂ ਨਸਲੀ ਘੱਟ ਗਿਣਤੀਆਂ ਲਈ 6% ਕੋਟਾ ਹੈ। ਹਿੰਦੂਆਂ ਲਈ ਕੋਈ ਵੱਖਰਾ ਰਾਖਵਾਂਕਰਨ ਨਹੀਂ ਹੈ।

5. ਇਨ੍ਹਾਂ ਸਾਰੇ ਰਿਜ਼ਰਵੇਸ਼ਨਾਂ ਨੂੰ ਇਕੱਠੇ ਜੋੜ 56% ਹੈ। ਇਸ ਤੋਂ ਇਲਾਵਾ ਬਾਕੀ 44 ਫ਼ੀਸਦੀ ਮੈਰਿਟ ਲਈ ਰੱਖੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News