ਹੁਣ PGI 'ਚ ਇਲਾਜ ਲਈ ਨਹੀਂ ਖਾਣੇ ਪੈਣਗੇ ਧੱਕੇ! ਮਿਲਣ ਜਾ ਰਹੀ ਖ਼ਾਸ ਸਹੂਲਤ
Wednesday, Aug 28, 2024 - 10:21 AM (IST)
ਚੰਡੀਗੜ੍ਹ (ਪਾਲ): PGI ਵਿਚ OPD ਸਵੇਰੇ 9 ਵਜੇ ਸ਼ੁਰੂ ਹੁੰਦੀ ਹੈ ਪਰ ਇੱਥੇ ਕਾਰਡ ਬਣਵਾਉਣ ਦੀ ਕੋਸ਼ਿਸ਼ ਵਿਚ ਲੋਕ ਸਵੇਰੇ 6 ਵਜੇ ਤੋਂ ਹੀ ਲਾਈਨਾਂ ਵਿਚ ਲੱਗ ਜਾਂਦੇ ਹਨ। ਲੋਕਾਂ ਨੂੰ ਇਨ੍ਹਾਂ ਲਾਈਨਾਂ ਤੋਂ ਬਚਾਉਣ ਲਈ PGI ਐਡਵਾਂਸਡ ਆਈ ਸੈਂਟਰ ਵਿਖੇ ਇਕ ਨਵੀਂ ਪਹਿਲ ਕੀਤੀ ਗਈ ਹੈ। ਹੁਣ ਇੱਥੇ ਪਹਿਲਾਂ ਤੋਂ ਆਨਲਾਈਨ ਰਜਿਸਟਰੇਸ਼ਨ ਕਰਵਾ ਕੇ ਆਉਣ ਵਾਲੇ ਮਰੀਜ਼ਾਂ ਨੂੰ ਚੈਕਅਪ ਵਿਚ ਪਹਿਲੀ ਤਰਜੀਹ ਦਿੱਤੀ ਜਾਵੇਗੀ। ਯਾਨੀ ਕਿ ਆਨਲਾਈਨ ਕਾਰਡ ਬਣਵਾ ਕੇ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਪਹਿਲਾਂ ਕੀਤਾ ਜਾਵੇਗਾ। ਐਡਵਾਂਸਡ ਆਈ ਸੈਂਟਰ ਦੇ ਮੁਖੀ ਡਾ.ਐੱਸ.ਐੱਸ. ਪਾਂਡਵ ਅਨੁਸਾਰ ਓ.ਪੀ.ਡੀ. ਸ਼ੁਰੂ ਹੋਣ ਤੋਂ ਪਹਿਲਾਂ ਹੀ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਬਚਾਉਣ ਲਈ ਇਹ ਵਿਵਸਥਾ ਸ਼ੁਰੂ ਕੀਤੀ ਗਈ ਹੈ। ਇਹ ਨਵੀਂ ਵਿਵਸਥਾ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਆਨਲਾਈਨ ਰਜਿਸਟਰੇਸ਼ਨ ਨਾਲ ਮਰੀਜ਼ ਨੂੰ ਆਪਣੀ ਪਸੰਦ ਦਾ ਦਿਨ ਅਤੇ ਸਮਾਂ ਮਿਲ ਜਾਂਦਾ ਹੈ। ਆਈ ਸੈਂਟਰ ਵਿਚ ਰੋਜ਼ਾਨਾ 1200 ਤੋਂ 1500 ਦੇ ਕਰੀਬ ਮਰੀਜ਼ ਆਉਂਦੇ ਹਨ। ਫਿਲਹਾਲ ਆਨਲਾਈਨ ਰਜਿਸਟਰੇਸ਼ਨ ਰਾਹੀਂ ਹਰ ਹਫ਼ਤੇ 150 ਮਰੀਜ਼ ਦੇਖੇ ਜਾਂਦੇ ਸਨ, ਪਰ ਹੁਣ ਇਹ ਗਿਣਤੀ ਵਧਾ ਕੇ 200 ਕਰ ਦਿੱਤੀ ਗਈ ਹੈ। ਜੇਕਰ ਹੁੰਗਾਰਾ ਚੰਗਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ 200 ਦੇ ਸਲਾਟ ਨੂੰ ਵਧਾਇਆ ਜਾ ਸਕਦਾ ਹੈ। ਪੀ.ਜੀ.ਆਈ. ਦੀ ਆਫਿਸ਼ੀਅਲ ਵੈੱਬਸਾਈਟ ’ਤੇ ਜਾ ਕੇ ਮਰੀਜ਼ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗਾ Study Visa! ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਝਟਕਾ
ਭੀੜ ਅਤੇ ਮਰੀਜ਼ਾਂ ਦਾ ਸਮਾਂ ਬਚਾਉਣ ’ਚ ਮਿਲੇਗੀ ਮਦਦ
ਪੀ.ਜੀ.ਆਈ. ਨੇ ਜੂਨ ਮਹੀਨੇ ਵਿਚ ਪਾਇਲਟ ਪ੍ਰੋਜੈਕਟ ਤਹਿਤ ਆਈ ਸੈਂਟਰ ਵਿਚ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕੀਤੀ ਸੀ। ਇਸ ਦੀ ਮਦਦ ਨਾਲ ਮਰੀਜ਼ ਕਿਸੇ ਵੀ ਸ਼ਹਿਰ ਤੋਂ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ। ਇਸ ਵਿਵਸਥਾ ਵਿਚ ਮਰੀਜ਼ ਨੂੰ ਚੈੱਕਅਪ ਲਈ ਉਸਦੀ ਇੱਛਾ ਅਨੁਸਾਰ ਇੱਕ ਖਾਸ ਦਿਨ ਅਤੇ ਮਿਤੀ ਮਿਲਦੀ ਹੈ। ਪੀ.ਜੀ.ਆਈ. ’ਚ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਲਈ ਇੱਕ ਵੱਖਰੀ ਲਾਈਨ ਹੈ। ਹੁਣ ਇਸ ਨਵੀਂ ਪਹਿਲਕਦਮੀ ਵਿਚ ਇੱਕ ਥਰਮਲ ਸਕੈਨਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿੱਥੇ ਨਾਮ ਅਤੇ ਉਮਰ ਦਰਜ ਕਰਨ ਤੋਂ ਬਾਅਦ ਮਰੀਜ਼ ਨੂੰ ਪਰਚੀ ਦਾ ਪ੍ਰਿੰਟਆਊਟ ਦਿੱਤਾ ਜਾਂਦਾ ਹੈ ਅਤੇ ਉਹ ਪਰਚੀ ਲੈ ਕੇ ਸਿੱਧਾ ਡਾਕਟਰ ਕੋਲ ਜਾਂਦਾ ਹੈ। ਇਸ ਤਰ੍ਹਾਂ ਮਰੀਜ਼ਾਂ ਨੂੰ ਸਵੇਰੇ-ਸਵੇਰੇ ਆ ਕੇ ਪਰਚੀ ਬਣਾਉਣ ਲਈ ਲਾਈਨ ਵਿਚ ਖੜ੍ਹੇ ਨਹੀਂ ਰਹਿਣਾ ਪੈਂਦਾ। ਡਾਕਟਰਾਂ ਕੋਲ ਉਨ੍ਹਾਂ ਸਾਰੇ ਮਰੀਜ਼ਾਂ ਦੀ ਇੱਕ ਲਿਸਟ ਚਲੀ ਜਾਂਦੀ ਹੈ, ਜਿਨ੍ਹਾਂ ਨੇ ਉਸ ਦਿਨ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਈ ਸੀ। ਇਸ ਦੀ ਮਦਦ ਨਾਲ ਭੀੜ ਨੂੰ ਸਹੀ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ, ਹੋ ਸਕਦੇ ਨੇ ਅਹਿਮ ਫ਼ੈਸਲੇ
ਕਾਰਡ ਬਣਾਉਣ ਨੂੰ ਲੱਗਦੀਆਂ ਹਨ 8 ਤੋਂ 10 ਲਾਈਨਾਂ
ਪੀ.ਜੀ.ਆਈ ਵਿਚ ਹਰ ਰੋਜ਼ 8 ਤੋਂ 10 ਹਜ਼ਾਰ ਮਰੀਜ਼ ਓ.ਪੀ.ਡੀ. ਵਿਚ ਆਉਂਦੇਹਨ। ਚੈੱਕਅਪ ਲਈ ਕਾਰਡ ਬਣਾਉਣ ਦੇ ਲਈ 8 ਤੋਂ 10 ਲੰਬੀਆਂ ਲਾਈਨਾਂ ਲੱਗਦੀਆਂ ਹਨ। ਕਾਰਡ ਬਣਾਉਣ ਦਾ ਕਾਊਂਟਰ 11 ਵਜੇ ਤੱਕ ਹੀ ਖੁੱਲ੍ਹਾ ਰਹਿੰਦਾ ਹੈ। ਇਸ ਤਰ੍ਹਾਂ ਮਰੀਜ਼ ਨੂੰ 11 ਵਜੇ ਤੋਂ ਬਾਅਦ ਕਾਰਡ ਨਹੀਂ ਬਣਵਾ ਪਾਉਂਦਾ। ਮਰੀਜ਼ਾਂ ਨੂੰ ਇਨ੍ਹਾਂ ਲੰਬੀਆਂ ਕਤਾਰਾਂ ਤੋਂ ਬਚਾਉਣ ਲਈ ਪੀ.ਜੀ.ਆਈ. ਇਸ ਤਕਨੀਕ ਦੀ ਮਦਦ ਲੈ ਰਿਹਾ ਹੈ। ਫਿਲਹਾਲ ਸਾਰੇ ਵਿਭਾਗਾਂ ਵਿਚ ਇਸ ਪ੍ਰਣਾਲੀ ਨੂੰ ਸ਼ੁਰੂ ਕਰਨ ਵਿਚ ਕੁਝ ਮੁਸ਼ਕਲਾਂ ਆ ਰਹੀਆਂ ਹਨ ਪਰ ਪੀ.ਜੀ.ਆਈ ਪ੍ਰਸ਼ਾਸਨ ਵੱਲੋਂ ਆਈ ਸੈਂਟਰ ਤੋਂ ਬਾਅਦ ਹੋਰ ਵਿਭਾਗਾਂ ਵਿਚ ਵੀ ਇਹ ਸਹੂਲਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਨਲਾਈਨ ਹੀ ਭੁਗਤਾਨ ਕਰਨਗੇ ਕਾਰਡ ਬਣਾਉਣ ਦੀ ਫੀਸ
ਓ.ਪੀ.ਡੀ. ਵਿਚ ਮਰੀਜ਼ਾਂ ਦੀ ਵਧਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਆਨਲਾਈਨ ਰਜਿਸਟ੍ਰੇਸ਼ਨ ਵਿਚ ਮਰੀਜ਼ ਆਪਣੀ ਜਾਣਕਾਰੀ ਦਰਜ ਕਰਕੇ ਆਪਣੇ ਆਪ ਨੂੰ ਰਜਿਸਟਰ ਕਰੇਗਾ ਅਤੇ ਕਾਰਡ ਦੀ ਅਦਾਇਗੀ ਵੀ ਆਨਲਾਈਨ ਕੀਤੀ ਜਾਵੇਗੀ। ਫਿਰ ਮਰੀਜ਼ ਨੂੰ ਕਾਰਡ ਨੰਬਰ ਜੈਨਰੇਟ ਹੋਵੇਗਾ ਅਤੇ ਪ੍ਰਿੰਟਆਊਟ ਰਜਿਸਟ੍ਰੇਸ਼ਨ ਦਾ ਸਬੂਤ ਹੋਵੇਗਾ। ਇਸ ਤਰ੍ਹਾਂ ਪੀ.ਜੀ.ਆਈ ਵਿਚ ਮਰੀਜ਼ ਨੂੰ ਕਾਰਡ ਬਣਾਉਣ ਵਾਲੇ ਕਾਊਂਟਰ ’ਤੇ ਜਾਣ ਦੀ ਲੋੜ ਨਹੀਂ ਪਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਪੱਧਰ 'ਤੇ ਹੋਣਗੇ ਤਬਾਦਲੇ! ਕਈ ਅਫ਼ਸਰ ਹੋਣਗੇ ਇੱਧਰੋਂ-ਉੱਧਰ
ਜੂਨ ਤੋਂ ਹੁਣ ਤੱਕ 363 ਮਰੀਜ਼ਾਂ ਨੂੰ ਹੋਇਆ ਲਾਭ
ਇਹ ਸਹੂਲਤ ਜੂਨ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ। ਹਾਲੇ ਵੀ ਲੋਕ ਆਨਲਾਈਨ ਰਜਿਸਟ੍ਰੇਸ਼ਨ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ। ਫਿਰ ਵੀ ਹੁਣ ਤੱਕ 363 ਮਰੀਜ਼ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਇਲਾਜ ਲਈ ਆ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8