ਬੰਗਲਾਦੇਸ਼ : ਵੋਟਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ ''ਤੇ ਗੋਲੀਬਾਰੀ, 7 ਦੀ ਮੌਤ
Tuesday, Mar 19, 2019 - 09:19 AM (IST)
ਢਾਕਾ, (ਭਾਸ਼ਾ)— ਬੰਗਲਾਦੇਸ਼ ਦੇ ਰੰਗਾਮਾਤੀ ਪਹਾੜੀ ਜ਼ਿਲੇ ਦੇ ਬਾਘਾਇਚਾਰੀ ਉਪ ਜ਼ਿਲੇ 'ਚ ਗੱਡੀ 'ਤੇ ਹੋਈ ਗੋਲੀਬਾਰੀ 'ਚ ਚੋਣ ਅਧਿਕਾਰੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦ ਚੋਣ ਅਧਿਕਾਰੀ ਉਪ ਜ਼ਿਲੇ 'ਚੋਂ ਚੋਣਾਂ ਕਰਵਾ ਕੇ ਵਾਪਸ ਦਫਤਰ ਜਾ ਰਹੇ ਸਨ। ਇਸ ਹਮਲੇ 'ਚ ਤਕਰੀਬਨ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਪੁਲਸ ਮੁਖੀ ਐੱਮ. ਅਲਾਮਗੀਰ ਕਬੀਰ ਮੁਤਾਬਕ ਮਰਨ ਵਾਲਿਆਂ 'ਚ ਕਾਂਗਲਕ ਵੋਟਿੰਗ ਕੇਂਦਰ ਦੇ ਸਹਾਇਕ ਅਧਿਕਾਰੀ, ਕਿਸ਼ਾਲੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ, ਵੀ. ਡੀ. ਪੀ. ਮੈਂਬਰ ਐੱਨ. ਅਲ-ਅਮੀਨ, ਬਿਲਕਿਸ, ਸੋਹੇਲ ਅਤੇ ਮਿਹਿਰ ਕਾਂਤੀ ਦੱਤਾ ਸ਼ਾਮਲ ਹਨ।
ਚੋਣ ਅਧਿਕਾਰੀ ਜਦ ਵੋਟਾਂ ਕਰਵਾ ਕੇ ਵਾਪਸ ਜਾ ਰਹੇ ਸਨ ਤਾਂ ਅਣਪਛਾਤੇ ਹਮਲਾਵਰਾਂ ਨੇ ਨੋਇਮਿਲੇ ਖੇਤਰ 'ਚ ਤਕਰੀਬਨ ਸ਼ਾਮ 6 ਵਜੇ ਗੱਡੀ 'ਤੇ ਹਮਲਾ ਬੋਲ ਦਿੱਤਾ। ਬੰਗਲਾਦੇਸ਼ ਦੀ ਫੌਜ ਅਤੇ ਬੰਗਲਾਦੇਸ਼ ਦੇ ਸਰਹੱਦੀ ਗਾਡਰ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾਂ ਨੂੰ ਉਪ ਜ਼ਿਲਾ ਸਿਹਤ ਕੰਪਲੈਕਸ 'ਚ ਲਿਆਂਦਾ ਗਿਆ। ਇਸ ਹਮਲੇ ਮਗਰੋਂ ਹਰ ਪਾਸੇ ਦਹਿਸ਼ਤ ਫੈਲ ਗਈ ਹੈ।