ਬੰਗਲਾਦੇਸ਼ ''ਚ ਪ੍ਰਦਰਸ਼ਨਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਈ 440

Tuesday, Aug 06, 2024 - 05:33 PM (IST)

ਬੰਗਲਾਦੇਸ਼ ''ਚ ਪ੍ਰਦਰਸ਼ਨਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਈ 440

ਢਾਕਾ : ਬੰਗਲਾਦੇਸ਼ ਵਿਚ ਮੰਗਲਵਾਰ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 440 ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਸੀਨਾ ਦੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਹੋਈਆਂ ਹਿੰਸਾ ਦੀਆਂ ਘਟਨਾਵਾਂ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਫੌਜ ਹਿੰਸਾ ਪ੍ਰਭਾਵਿਤ ਦੇਸ਼ 'ਚ ਸਥਿਤੀ ਨੂੰ ਕੰਟਰੋਲ ਕਰਨ 'ਚ ਲੱਗੀ ਹੋਈ ਹੈ।

ਇਕ ਨਿਊਜ਼ ਪੋਰਟਲ ਨੇ ਕਿਹਾ ਕਿ ਵਧਦੀਆਂ ਮੌਤਾਂ ਦੇ ਬਾਵਜੂਦ, ਮੰਗਲਵਾਰ ਨੂੰ ਸੜਕਾਂ 'ਤੇ ਪੁਲਸ ਅਤੇ ਫੌਜ ਦੀ ਗਸ਼ਤ ਨਾਲ ਹਾਲਾਤ ਆਮ ਹੋਣ ਦੇ ਸੰਕੇਤ ਮਿਲੇ ਹਨ। ਪੋਰਟਲ ਨੇ ਕਿਹਾ ਕਿ ਸੋਮਵਾਰ ਦੀ ਅਸ਼ਾਂਤੀ ਅਤੇ ਰਾਤ ਭਰ ਤਣਾਅਪੂਰਨ ਸਥਿਤੀ ਤੋਂ ਬਾਅਦ ਢਾਕਾ ਵਿਚ ਮੰਗਲਵਾਰ ਸਵੇਰੇ ਸਥਿਤੀ ਮੁੱਖ ਤੌਰ 'ਤੇ ਸ਼ਾਂਤ ਰਹੀ। ਰਿਪੋਰਟਾਂ ਅਨੁਸਾਰ ਸੜਕਾਂ 'ਤੇ ਬੱਸਾਂ ਅਤੇ ਹੋਰ ਜਨਤਕ ਵਾਹਨ ਦੇਖੇ ਗਏ ਅਤੇ ਸਥਾਨਕ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ ਸਰਕਾਰੀ ਵਾਹਨ ਦਫ਼ਤਰਾਂ ਵੱਲ ਜਾਂਦੇ ਵੇਖੇ ਗਏ ਅਤੇ ਕਈ ਬੈਟਰੀ ਨਾਲ ਚੱਲਣ ਵਾਲੇ ਰਿਕਸ਼ੇ ਵੀ ਸੜਕਾਂ 'ਤੇ ਦੇਖੇ ਗਏ।

ਬੰਗਲਾਦੇਸ਼ ਵਿਚ ਸੋਮਵਾਰ ਨੂੰ ਉਸ ਸਮੇਂ ਹਫੜਾ-ਦਫੜੀ ਫੈਲ ਗਈ ਜਦੋਂ ਸ਼ੇਖ ਹਸੀਨਾ ਨੇ ਅਚਾਨਕ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਫੌਜੀ ਜਹਾਜ਼ ਵਿਚ ਦੇਸ਼ ਛੱਡ ਦਿੱਤਾ। ਜਿਵੇਂ ਹੀ ਹਸੀਨਾ ਦੇ ਦੇਸ਼ ਛੱਡਣ ਦੀ ਖਬਰ ਫੈਲੀ ਤਾਂ ਸੈਂਕੜੇ ਲੋਕ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਏ ਅਤੇ ਭੰਨਤੋੜ ਕੀਤੀ ਅਤੇ ਲੁੱਟਮਾਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹਸੀਨਾ ਦੀ ਰਿਹਾਇਸ਼ 'ਸੁਧਾ ਸਦਨ' ਅਤੇ ਰਾਜਧਾਨੀ ਦੇ ਹੋਰ ਅਦਾਰਿਆਂ 'ਤੇ ਹਮਲਾ ਕੀਤਾ ਅਤੇ ਭੰਨਤੋੜ ਅਤੇ ਅੱਗ ਲਾ ਦਿੱਤੀ। ਢਾਕਾ ਅਤੇ ਢਾਕਾ ਤੋਂ ਬਾਹਰ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਮੰਤਰੀਆਂ, ਪਾਰਟੀ ਸੰਸਦ ਮੈਂਬਰਾਂ ਅਤੇ ਨੇਤਾਵਾਂ ਦੀਆਂ ਰਿਹਾਇਸ਼ਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਬੰਗਾਲੀ ਭਾਸ਼ਾ ਦੇ ਰੋਜ਼ਾਨਾ ਅਖਬਾਰ 'ਪ੍ਰਥਮ ਆਲੋ' ਨੇ ਮੰਗਲਵਾਰ ਨੂੰ ਖਬਰ ਦਿੱਤੀ ਕਿ ਸੋਮਵਾਰ ਨੂੰ ਢਾਕਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਈਆਂ ਝੜਪਾਂ 'ਚ ਘੱਟੋ-ਘੱਟ 109 ਲੋਕ ਮਾਰੇ ਗਏ। ਇਸ ਤੋਂ ਪਹਿਲਾਂ ਅਖਬਾਰ ਨੇ ਐਤਵਾਰ ਦੁਪਹਿਰ 12 ਵਜੇ ਤੱਕ 98 ਮੌਤਾਂ ਅਤੇ ਐਤਵਾਰ ਅੱਧੀ ਰਾਤ ਤੱਕ 16 ਹੋਰ ਮੌਤਾਂ ਦੀ ਖਬਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਕੁੱਲ 114 ਲੋਕਾਂ ਦੀ ਮੌਤ ਹੋ ਗਈ। ਅਖਬਾਰ ਨੇ ਕਿਹਾ ਕਿ ਇਸ ਨਾਲ 16 ਜੁਲਾਈ ਤੋਂ ਕੱਲ੍ਹ ਤੱਕ 21 ਦਿਨਾਂ ਵਿੱਚ ਹਿੰਸਾ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 440 ਹੋ ਗਈ ਹੈ। ਅਖਬਾਰ ਨੇ ਕਿਹਾ ਕਿ ਢਾਕਾ ਵਿੱਚ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ 37 ਲਾਸ਼ਾਂ ਮਿਲੀਆਂ। ਅਖਬਾਰ ਨੇ ਹਸਪਤਾਲ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 500 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ 'ਚੋਂ ਕਈਆਂ ਨੂੰ ਗੋਲੀਆਂ ਲੱਗੀਆਂ ਸਨ।

ਢਾਕਾ ਟ੍ਰਿਬਿਊਨ ਅਖਬਾਰ ਨੇ ਕਿਹਾ ਕਿ ਸੋਮਵਾਰ ਨੂੰ ਪੁਲਸ ਅਤੇ ਦੰਗਾਕਾਰੀਆਂ ਵਿਚਾਲੇ ਝੜਪਾਂ ਤੋਂ ਬਾਅਦ ਰਾਜਧਾਨੀ ਦੇ ਬਾਹਰੀ ਹਿੱਸੇ 'ਚ ਧਮਰਾਈ ਅਤੇ ਸਾਵਰ 'ਚ ਘੱਟੋ-ਘੱਟ 18 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਰਾਜਧਾਨੀ ਦੇ ਉੱਤਰਾ 'ਚ ਸਾਦੇ ਕੱਪੜਿਆਂ 'ਚ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ ਤਾਂ 10 ਲੋਕਾਂ ਦੀ ਮੌਤ ਹੋ ਗਈ। ਅਖਬਾਰ ਮੁਤਾਬਕ ਹਬੀਗੰਜ ਵਿਚ ਛੇ, ਜੇਸੋਰ ਵਿਚ ਅੱਠ, ਖੁਲਨਾ ਵਿਚ ਤਿੰਨ, ਬਾਰੀਸਾਲ ਵਿਚ ਤਿੰਨ, ਲਕਸ਼ਮੀਪੁਰ ਵਿਚ 11, ਕੁਸ਼ਟੀਆ ਵਿਚ ਛੇ, ਸਤਖੀਰਾ ਵਿਚ ਤਿੰਨ ਅਤੇ ਗਾਜ਼ੀਪੁਰ ਦੇ ਸ੍ਰੀਪੁਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ।

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਪੱਛਮੀ ਜੋਹਰ ਜ਼ਿਲ੍ਹੇ ਵਿੱਚ ਅਵਾਮੀ ਲੀਗ ਦੇ ਇੱਕ ਨੇਤਾ ਦੀ ਮਾਲਕੀ ਵਾਲੇ ਇੱਕ ਹੋਟਲ ਵਿੱਚ ਬੀਤੀ ਰਾਤ ਘੱਟੋ-ਘੱਟ 24 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨੇ ਸੋਮਵਾਰ ਦੇਰ ਰਾਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ 'ਚ ਕਾਨੂੰਨ ਵਿਵਸਥਾ ਨੂੰ ਆਮ ਬਣਾਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਅਤੇ ਹਥਿਆਰਬੰਦ ਬਲਾਂ ਨੂੰ ਲੋਕਾਂ ਦੀ ਜਾਨ-ਮਾਲ ਅਤੇ ਸਰਕਾਰੀ ਜਾਇਦਾਦਾਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

‘ਢਾਕਾ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਵਿਦਿਆਰਥੀ ਅੰਦੋਲਨ ਕਾਰਨ ਭੜਕੀ ਹਿੰਸਾ ਕਾਰਨ ਲੰਮੇ ਸਮੇਂ ਤੋਂ ਬੰਦ ਪਏ ਵਿਦਿਅਕ ਅਦਾਰੇ ਮੰਗਲਵਾਰ ਨੂੰ ਮੁੜ ਖੁੱਲ੍ਹ ਗਏ ਪਰ ਢਾਕਾ ਦੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਰਹੀ। ਹਸੀਨਾ ਨੇ ਸੋਮਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣੀ ਸਰਕਾਰ ਦੀ ਵਿਵਾਦਪੂਰਨ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਲੈ ਕੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਦੇਸ਼ ਛੱਡ ਦਿੱਤਾ। ਇਸ ਪ੍ਰਣਾਲੀ ਤਹਿਤ 1971 ਦੀ ਆਜ਼ਾਦੀ ਦੀ ਲੜਾਈ ਵਿਚ ਲੜਨ ਵਾਲਿਆਂ ਦੇ ਪਰਿਵਾਰਾਂ ਲਈ 30 ਫੀਸਦੀ ਨੌਕਰੀਆਂ ਰਾਖਵੀਆਂ ਸਨ।


author

Baljit Singh

Content Editor

Related News