ਬੰਗਲਾਦੇਸ਼ ''ਚ ਹੜ੍ਹ ਦਾ ਖਤਰਾ ਵਧਿਆ, ਬ੍ਰਹਮਪੁੱਤਰ ਖਤਰੇ ਦੇ ਨਿਸ਼ਾਨ ਤੋਂ 55 ਸੈਂਟੀਮੀਟਰ ਉੱਪਰ
Monday, Jun 29, 2020 - 12:30 AM (IST)
ਢਾਕਾ (ਭਾਸ਼ਾ): ਬੰਗਲਾਦੇਸ਼ ਵਿਚ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਭਾਰਤ ਨਾਲ ਲੱਗਦੇ ਦੇਸ਼ ਦੇ ਪੱਛਮੀ-ਉੱਤਰ ਤੇ ਦੱਖਣ-ਪੂਰਬੀ ਹਿੱਸੇ ਵਿਚ ਭਾਰੀ ਹੜ੍ਹ ਦਾ ਅੰਦਾਜ਼ਾ ਲਾਇਆ ਗਿਆ ਹੈ। ਉਥੇ ਮੂਸਲਾਧਾਰ ਮੀਂਹ ਦੇ ਕਾਰਣ ਨਦੀਆਂ ਉਫਾਨ 'ਤੇ ਹਨ, ਜਿਸ ਨਾਲ ਲੋਕਾਂ ਦੇ ਜਾਨ-ਮਾਲ ਤੇ ਖੇਤੀ ਦੀ ਜ਼ਮੀਨ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਭਾਰਤ ਦੇ ਮੇਘਾਲਿਆ ਤੇ ਅਸਮ ਵਿਚ ਬੀਤੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਵਰਖਾ ਦੇ ਕਾਰਣ ਬੰਗਲਾਦੇਸ਼ ਦੇ ਕਈ ਇਲਾਕਿਆਂ ਵਿਚ ਕਾਫੀ ਪਾਣੀ ਪਹੁੰਚਿਆ ਹੈ।
ਬੰਗਲਾਦੇਸ਼ ਵਿਚ ਯਮੁਨਾ ਦੇ ਨਾਂ ਨਾਲ ਜਾਣੀ ਜਾਣ ਵਾਲੀ ਬ੍ਰਹਮਪੁੱਤਰ ਨਦੀ ਖਤਰੇ ਦੇ ਨਿਸ਼ਾਨ ਤੋਂ 55 ਸੈਂਟੀਮੀਟਰ ਉੱਪਰ ਵਹਿ ਰਹੀ ਹੈ ਤੇ ਸ਼ਨੀਵਾਰ ਨੂੰ ਰਾਤ ਭਰ ਹੋਈ ਵਰਖਾ ਤੋਂ ਬਾਅਦ ਹਜ਼ਾਰਾਂ ਲੋਕਾਂ ਦੇ ਪਹਿਲਾਂ ਹੀ ਇਲਾਕਾ ਛੱਡਣ ਦੀ ਖਬਰ ਹੈ। ਬੰਗਲਾਦੇਸ਼ ਹੜ੍ਹ ਨਾਲ ਸਬੰਧਿਤ ਵਿਭਾਗ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਿਆਨਕ ਹੜ੍ਹ ਦਾ ਅਨੁਮਾਨ ਹੈ ਕਿਉਂਕਿ ਸਾਰੀਆਂ ਮੁੱਖ ਨਦੀਆਂ ਵਿਚ ਪਾਣੀ ਦਾ ਪੱਧਰ ਵਧ ਰਿਹਾ ਹੈ। ਕਈ ਨਦੀਆਂ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕੀਆਂ ਹਨ ਤੇ ਨਦੀਆਂ ਦੇ ਕਿਨਾਰੇ ਵੱਸੇ ਪਿੰਡ ਡੁੱਬ ਗਏ ਹਨ ਖਾਸਕਰਕੇ ਪੱਛਮੀ-ਉੱਤਰ ਤੇ ਦੱਖਣ-ਪੂਰਬੀ ਖੇਤਰਾਂ ਵਿਚ।
ਵਿਭਾਗ ਦੀ ਰਿਪੋਰਟ ਮੁਤਾਬਕ ਪੱਛਮ-ਉੱਤਰ ਵਿਚ ਬ੍ਰਹਮਪੁੱਤਰ ਤੇ ਪੂਰਬ-ਉੱਤਰ ਵਿਚ ਮੇਘਨਾ ਡੈਲਟਾ ਦੀਆਂ ਨਦੀਆਂ ਵਿਚ ਪਾਣੀ ਹੋਰ ਆਉਣ ਦੀ ਉਮੀਦ ਹੈ ਕਿਉਂਕਿ ਉੱਪਰੀ ਇਲਾਕਿਆਂ ਤੋਂ ਕਾਫੀ ਪਾਣੀ ਆ ਰਿਹਾ ਹੈ ਤੇ ਆਉਣ ਵਾਲੇ ਹਫਤਿਆਂ ਵਿਚ ਵਰਖਾ ਦਾ ਵੀ ਅਨੁਮਾਨ ਹੈ। ਬੰਗਲਾਦੇਸ਼ ਵਿਚ ਮਾਨਸੂਨੀ ਵਰਖਾ ਸ਼ੁਰੂ ਹੋ ਚੁੱਕੀ ਹੈ।