ਬੰਗਲਾਦੇਸ਼ ਦਾ 'ਟ੍ਰੀ ਮੈਨ' ਕਟਵਾਉਣਾ ਚਾਹੁੰਦਾ ਹੈ ਆਪਣੇ ਹੱਥ

Tuesday, Jun 25, 2019 - 01:05 PM (IST)

ਬੰਗਲਾਦੇਸ਼ ਦਾ 'ਟ੍ਰੀ ਮੈਨ' ਕਟਵਾਉਣਾ ਚਾਹੁੰਦਾ ਹੈ ਆਪਣੇ ਹੱਥ

ਢਾਕਾ (ਬਿਊਰੋ)— 'ਟ੍ਰੀ ਮੈਨ' ਦੇ ਰੂਪ ਵਿਚ ਜਾਣ ਜਾਂਦੇ ਇਕ ਬੰਗਲਾਦੇਸ਼ੀ ਵਿਅਕਤੀ ਨੇ ਸੋਮਵਾਰ ਨੂੰ ਅਜੀਬ ਮੰਗ ਕੀਤੀ। ਅਸਲ ਵਿਚ ਵਿਅਕਤੀ ਆਪਣੇ ਹੱਥਾਂ ਦੇ ਅਸਹਿ ਦਰਦ ਤੋਂ ਰਾਹਤ ਪਾਉਣ ਲਈ ਉਨ੍ਹਾਂ ਨੂੰ ਕਟਵਾਉਣਾ ਚਾਹੁੰਦਾ ਹੈ। ਉਸ ਦੇ ਸਰੀਰ 'ਤੇ ਰੁੱਖ ਦੇ ਛਿੱਲੜਾਂ ਵਾਂਗ ਦਿਸਣ ਵਾਲੀ ਚੀਜ਼ ਉਗ ਆਈ ਹੈ। ਅਬੁਲ ਬਾਜੰਦਰ ਨਾਮ ਦਾ ਇਹ ਵਿਅਕਤੀ ਦੁਰਲੱਭ ਸਿੰਡਰੋਮ ਕਾਰਨ ਆਪਣੇ ਹੱਥਾਂ ਅਤੇ ਪੈਰਾਂ ਵਿਚ ਵੱਧਦੇ ਇਨ੍ਹਾਂ ਛਿੱਲੜਾਂ ਨੂੰ ਹਟਾਉਣ ਲਈ ਸਾਲ 2016 ਦੇ ਬਾਅਦ ਤੋਂ 25 ਵਾਰ ਸਰਜਰੀ ਕਰਵਾ ਚੁੱਕਾ ਹੈ। 

ਡਾਕਟਰਾਂ ਦਾ ਮੰਨਣਾ ਸੀ ਕਿ ਅਬੁਲ ਨੇ ਇਸ ਬੀਮਾਰੀ ਨੂੰ ਹਰਾ ਦਿੱਤਾ ਹੈ ਪਰ ਪਿਛਲੇ ਸਾਲ ਮਈ ਵਿਚ ਉਹ ਢਾਕਾ ਦੇ ਇਕ ਕਲਿਨਿਕ ਤੋਂ ਭੱਜ ਗਿਆ ਸੀ। ਸਥਿਤੀ ਵਿਗੜਨ 'ਤੇ ਉਸ ਨੂੰ ਜਨਵਰੀ ਵਿਚ ਦੁਬਾਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਅਬੁਲ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਮੈਂ ਇਸ ਦਰਦ ਨੂੰ ਹੁਣ ਹੋਰ ਸਹਿਣ ਨਹੀਂ ਕਰ ਸਕਦਾ। ਮੈਂ ਰਾਤ ਨੂੰ ਸੌਂ ਵੀ ਨਹੀਂ ਸਕਦਾ। ਮੈਂ ਆਪਣੇ ਡਾਕਟਰਾਂ ਨੂੰ ਹੱਥ ਕੱਟ ਦੇਣ ਲਈ ਕਿਹਾ ਹੈ ਤਾਂ ਜੋ ਮੈਨੂੰ ਦਰਦ ਤੋਂ ਥੋੜ੍ਹੀ ਰਾਹਤ ਮਿਲ ਸਕੇ।'' 

ਅਬੁਲ ਐਪੀਡਰਮੋਡਿਸਪਲਾਸੀਆ ਵੇਰੂਸਿਫੌਰਮਿਸ ਨਾਲ ਪੀੜਤ ਹੈ, ਜੋ ਇਕ ਦੁਰਲੱਭ ਜੈਨੇਟਿਕ ਬੀਮਾਰੀ ਹੈ, ਜਿਸ ਨੂੰ 'ਟ੍ਰੀ ਮੈਨ ਸਿੰਡਰੋਮ' ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਅਬੁਲ ਨੇ ਕਿਹਾ ਇਕ ਉਹ ਬਿਹਤਰ ਇਲਾਜ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਪਰ ਉਸ ਕੋਲ ਇੰਨੇ ਪੈਸੇ ਨਹੀਂ ਹਨ। ਢਾਕਾ ਮੈਡੀਕਲ ਕਾਲਜ ਹਸਪਤਾਲ ਦੇ ਮੁੱਖ ਪਲਾਸਟਿਕ ਸਰਜਨ ਸਾਮੰਤ ਲਾਲ ਸੇਨ ਨੇ ਕਿਹਾ ਕਿ 7 ਡਾਕਟਰਾਂ ਦਾ ਇਕ ਵੱਡਾ ਬੋਰਡ ਮੰਗਲਵਾਰ ਨੂੰ ਅਬੁਲ ਦੀ ਸਥਿਤੀ 'ਤੇ ਚਰਚਾ ਕਰੇਗਾ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਬੁਲ ਦੀ ਬੀਮਾਰੀ ਦਾ ਮੁੱਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਹਮਣੇ ਆਉਣ ਦੇ ਬਾਅਦ ਉਸ ਦਾ ਇਲਾਜ ਮੁਫਤ ਕਰਾਉਣ ਦਾ ਵਾਅਦਾ ਕੀਤਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦੁਨੀਆ ਭਰ ਵਿਚ ਕਰੀਬ 6 ਲੋਕਾਂ ਨੂੰ ਇਹ ਬੀਮਾਰੀ ਹੈ। ਇਸੇ ਹਸਪਤਾਲ ਨੇ 2017 ਵਿਚ ਇਸੇ ਬੀਮਾਰੀ ਨਾਲ ਪੀੜਤ ਇਕ ਬੰਗਲਾਦੇਸ਼ੀ ਕੁੜੀ ਦਾ ਇਲਾਜ ਕੀਤਾ ਸੀ।


author

Vandana

Content Editor

Related News