ਬੰਗਲਾਦੇਸ਼ ਦੀ ਪੀ. ਐੱਮ. ਨੇ ਮੋਦੀ ਨੂੰ ਲਿਖੀ ਚਿੱਠੀ, ਅਮਰਨਾਥ ਯਾਤਰੀਆਂ ''ਤੇ ਹੋਏ ਹਮਲੇ ਦੀ ਕੀਤੀ ਨਿੰਦਾ

Tuesday, Jul 11, 2017 - 06:38 PM (IST)

ਢਾਕਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਸ਼ਮੀਰ 'ਚ ਅਮਰਨਾਥ ਯਾਤਰੀਆਂ 'ਤੇ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਮੁਸ਼ਕਲ ਘੜੀ ਵਿਚ ਭਾਰਤ ਨੂੰ ਆਪਣੇ ਦੇਸ਼ ਦਾ ਸਮਰਥਨ ਦੋਹਰਾਇਆ ਹੈ। ਦੱਸਣਯੋਗ ਹੈ ਕਿ ਸੋਮਵਾਰ ਦੀ ਰਾਤ ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਗੁਜਰਾਤ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਬੱਸ ਬਾਲਟਾਲ ਤੋਂ ਜੰਮੂ ਵੱਲ ਜਾ ਰਹੀ ਸੀ ਤਾਂ ਰਸਤੇ ਵਿਚ ਉਸ 'ਤੇ ਅੱਤਵਾਦੀ ਹਮਲਾ ਹੋਇਆ। 
ਹਸੀਨਾ ਨੇ ਨਰਿੰਦਰ ਮੋਦੀ ਨੂੰ ਭੇਜੀ ਇਕ ਚਿੱਠੀ ਵਿਚ ਕਿਹਾ, ''ਮੈਂ ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹੋਏ ਕਾਇਰਤਾਪੂਰਨ ਹਮਲੇ ਬਾਰੇ ਸੁਣ ਕੇ ਬਹੁਤ ਦੁੱਖੀ ਹਾਂ, ਜਿਸ 'ਚ ਔਰਤਾਂ ਸਮੇਤ 7 ਯਾਤਰੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।'' 
ਹਸੀਨਾ ਨੇ ਕਿਹਾ, ''ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਅਤੇ ਅਸੀਂ ਖੇਤਰ ਅਤੇ ਇਸ ਤੋਂ ਪਰ੍ਹੇ ਇਸ ਸਮੱਸਿਆ ਨੂੰ ਖਤਮ ਕਰਨ ਦੀ ਆਪਣੀ ਸਾਂਝੀ ਕੋਸ਼ਿਸ਼ਾਂ ਤਹਿਤ ਮਿਲ ਕੇ ਕੰਮ ਕਰਦੇ ਰਹਾਂਗੇ।'' ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਅੱਤਵਾਦ ਅਤੇ ਹਿੰਸਕ ਅੱਤਵਾਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਇਸ ਤਰ੍ਹਾਂ ਦੇ ਗੰਭੀਰ ਅਪਰਾਧਾਂ ਦੀ ਨਿੰਦਾ ਕਰਦਾ ਹੈ। ਹਸੀਨਾ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖਮੀ ਹੋਏ ਤੀਰਥਯਾਤਰੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।


Related News