ਫਲਾਈਟ 'ਚ ਪੇਜ਼ਰ ਅਤੇ ਵਾਕੀ-ਟਾਕੀ ਲਿਜਾਣ 'ਤੇ ਪਾਬੰਦੀ, ਏਅਰਲਾਈਨ ਨੇ ਜਾਰੀ ਕੀਤੇ ਨਿਰਦੇਸ਼

Friday, Sep 20, 2024 - 11:32 AM (IST)

ਬੇਰੂਤ- ਕਤਰ ਏਅਰਵੇਜ਼ ਨੇ ਲੇਬਨਾਨ ਜਾਣ ਵਾਲੀਆਂ ਉਡਾਣਾਂ ਵਿੱਚ ਯਾਤਰੀਆਂ ਨੂੰ ਪੇਜਰ ਅਤੇ ਵਾਕੀ-ਟਾਕੀ ਲੈ ਕੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਏਅਰਲਾਈਨ ਨੇ ਇਹ ਕਦਮ ਲੇਬਨਾਨ ਦੇ ਤਿੰਨ ਖੇਤਰਾਂ ਵਿੱਚ ਵਾਕੀ-ਟਾਕੀਜ਼, ਹੈਂਡਹੈਲਡ ਰੇਡੀਓ ਅਤੇ ਪੇਜਰ ਸੈੱਟਾਂ ਵਿੱਚ ਧਮਾਕਿਆਂ ਤੋਂ ਬਾਅਦ ਚੁੱਕਿਆ ਹੈ। ਇਸ ਘਟਨਾ 'ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 3000 ਤੋਂ ਵੱਧ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 450 ਦੇ ਕਰੀਬ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਕਤਰ ਏਅਰਵੇਜ਼ ਨੇ ਇੱਕ ਪੋਸਟ ਵਿੱਚ ਕਿਹਾ ਕਿ ਲੇਬਨਾਨ ਦੇ ਨਾਗਰਿਕ ਹਵਾਬਾਜ਼ੀ ਅਥਾਰਿਟੀ ਤੋਂ ਪ੍ਰਾਪਤ ਨਿਰਦੇਸ਼ ਦੇ ਬਾਅਦ ਬੇਰੂਤ ਰਫੀਕ ਹਾਰੀਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਸਾਰੇ ਯਾਤਰੀਆਂ ਨੂੰ ਫਲਾਇਟ 'ਤੇ ਪੇਜਰ ਅਤੇ ਵਾਕੀ-ਟਾਕੀ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਅਗਲੇ ਨੋਟਿਸ ਤੱਕ ਲਾਗੂ ਰਹੇਗੀ।

ਪੇਜਰ ਅਤੇ ਵਾਕੀ-ਟਾਕੀ ਸੈੱਟ 'ਚ ਬਲਸਾਟ

16 ਸਤੰਬਰ ਨੂੰ, ਲੇਬਨਾਨ ਵਿੱਚ 3,000 ਤੋਂ ਵੱਧ ਪੇਜ਼ਰ, ਵਾਕੀ-ਟਾਕੀਜ਼ ਅਤੇ ਹੈਂਡਹੇਲਡ ਰੇਡੀਓ ਅਚਾਨਕ ਵਿਸਫੋਟ ਕਰਨ ਲੱਗੇ। ਇਸ ਘਟਨਾ 'ਚ ਹਿਜ਼ਬੁੱਲਾ ਦੇ ਕਈ ਲੜਾਕੇ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਬੇਰੂਤ ਵਿੱਚ ਈਰਾਨ ਦੇ ਰਾਜਦੂਤ ਵੀ ਜ਼ਖਮੀ ਹੋਏ ਹਨ। ਲੇਬਨਾਨੀ ਅਧਿਕਾਰੀਆਂ ਨੇ ਸੰਚਾਰ ਲਈ ਵਰਤੇ ਜਾਣ ਵਾਲੇ ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਵਿੱਚ ਧਮਾਕਿਆਂ ਪਿੱਛੇ ਇਜ਼ਰਾਈਲੀ ਸਾਜ਼ਿਸ਼ ਦਾ ਦੋਸ਼ ਲਾਇਆ ਹੈ। ਲੇਬਨਾਨ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਦੂਜੇ ਦੇਸ਼ਾਂ ਤੋਂ ਆਯਾਤ ਕੀਤੇ ਗਏ ਇਨ੍ਹਾਂ ਉਪਕਰਨਾਂ ਨਾਲ ਛੇੜਛਾੜ ਕੀਤੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਹਰੇਕ ਪੇਜਰ ਨੂੰ ਬੈਟਰੀ ਦੇ ਨਾਲ ਲਗਭਗ 1 ਤੋਂ 2 ਔਂਸ ਵਿਸਫੋਟਕ ਨਾਲ ਫਿੱਟ ਕੀਤਾ ਗਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਵਿੱਚ ਇੱਕ ਸਵਿੱਚ ਵੀ ਲਗਾਇਆ ਗਿਆ ਸੀ, ਜਿਸ ਨੂੰ ਦੂਰੋਂ ਹੀ ਕੰਟਰੋਲ ਕੀਤਾ ਜਾ ਰਿਹਾ ਸੀ। ਜਦੋਂ ਇਸ ਸਵਿੱਚ ਨੂੰ ਐਕਟੀਵੇਟ ਕੀਤਾ ਗਿਆ ਤਾਂ ਪੇਜ਼ਰ ਫਟ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਪਾਸਪੋਰਟ ਨਵਿਆਉਣ 'ਚ ਵੱਡੀਆਂ ਤਬਦੀਲੀਆਂ

ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਇਸ ਘਟਨਾ ਤੋਂ ਬਣਾਈ ਦੂਰੀ

ਤਾਈਵਾਨੀ ਕੰਪਨੀ ਗੋਲਡ ਅਪੋਲੋ 'ਤੇ ਆਪਣੇ ਨਿਰਮਾਣ ਦੌਰਾਨ ਪੇਜਰਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਗੋਲਡ ਅਪੋਲੋ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਧਮਾਕੇ ਕਰਨ ਵਾਲੇ ਯੰਤਰ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਸਥਿਤ ਇੱਕ ਫਰਮ ਦੁਆਰਾ ਬਣਾਏ ਗਏ ਸਨ। ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾ ਨੇ ਪੇਜਰ, ਵਾਕੀ-ਟਾਕੀ ਅਤੇ ਹੈਂਡਹੈਲਡ ਰੇਡੀਓ ਧਮਾਕਿਆਂ ਨੂੰ ਨਸਲਕੁਸ਼ੀ ਕਰਾਰ ਦਿੱਤਾ ਅਤੇ ਇਸ ਨੂੰ ਜੰਗ ਦੀ ਸ਼ੁਰੂਆਤ ਕਿਹਾ।

ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਨੇ ਦਿੱਤੀ ਚਿਤਾਵਨੀ

ਹਸਨ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਹੋਏ ਇਨ੍ਹਾਂ ਹਮਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ, ਚਾਹੇ ਇਜ਼ਰਾਈਲ ਇਸ ਦੀ ਉਮੀਦ ਕਰਦਾ ਹੈ ਜਾਂ ਨਹੀਂ। ਹਿਜ਼ਬੁੱਲਾ ਮੁਖੀ ਨੇ ਕਿਹਾ ਕਿ ਲੇਬਨਾਨ ਵਿੱਚ ਪੇਜਰ ਅਤੇ ਵਾਕੀ-ਟਾਕੀ ਧਮਾਕੇ ਗਾਜ਼ਾ ਵਿੱਚ ਉਸ ਦੇ ਪਾਸੇ ਤੋਂ ਜਾਰੀ ਸਹਾਇਤਾ ਨੂੰ ਪ੍ਰਭਾਵਤ ਨਹੀਂ ਕਰਨਗੇ। ਇਸ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਵੀ ਜੰਗ ਦੇ ‘ਨਵੇਂ ਪੜਾਅ’ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਨ੍ਹਾਂ ਧਮਾਕਿਆਂ ਤੋਂ ਬਾਅਦ ਲੇਬਨਾਨ ਵਿੱਚ ਲੋਕ ਮੋਬਾਈਲ ਫੋਨ, ਪੇਜ਼ਰ ਅਤੇ ਹੋਰ ਸੰਚਾਰ ਉਪਕਰਨਾਂ ਨੂੰ ਛੂਹਣ ਤੋਂ ਡਰਦੇ ਹਨ। ਹਿਜ਼ਬੁੱਲਾ ਨੇ ਆਪਣੇ ਲੜਾਕਿਆਂ ਨੂੰ ਆਪਣੇ ਫ਼ੋਨਾਂ, ਪੇਜਰਾਂ, ਵਾਕੀ-ਟਾਕੀਜ਼ ਅਤੇ ਹੈਂਡਹੈਲਡ ਰੇਡੀਓ ਦੀਆਂ ਬੈਟਰੀਆਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਸੁੱਟਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News