ਸਿਡਨੀ 'ਚ 19ਵੇਂ ਵਿਸਾਖੀ ਮੇਲੇ ਦੀਆਂ ਲੱਗੀਆਂ ਰੋਣਕਾਂ, ਰਿਕਾਰਡ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਿਰਕਤ

05/02/2022 5:20:35 PM

ਮੈਲਬੌਰਨ/ਸਿਡਨੀ (ਮਨਦੀਪ ਸੈਣੀ/ਚਾਂਦਪੁਰੀ):- ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਜਾਣ ਨਵਾਂ ਪੰਜਾਬ ਬਣਾਉਂਦੇ ਨੇ'। ਇਹ ਗੱਲ ਸਿਡਨੀ ਦੇ 19ਵੇਂ ਵਿਸਾਖੀ ਮੇਲੇ ਵਿੱਚ ਸੱਚ ਹੋ ਨਿੱਬੜੀ। ਪੰਜਾਬੀ ਸੰਗੀਤ ਸੈਂਟਰ ਵੱਲੋਂ ਕਰਵਾਏ ਇਸ ਵਿਸਾਖੀ ਮੇਲੇ ਵਿਚ 10 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਪ੍ਰਬੰਧਕ ਹਰਕੀਰਤ ਸਿੰਘ ਸੰਧਰ ਅਤੇ ਦਵਿੰਦਰ ਧਾਰੀਆ ਨੇ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਇਹ ਕਾਰਜ 2004 ਵਿੱਚ ਸ਼ੁਰੂ ਕੀਤਾ ਸੀ, ਜੋ ਨਿਰੰਤਰ ਚੱਲ ਰਿਹਾ ਹੈ। ਪ੍ਰੋਗਰਾਮ ਦਾ ਆਗਾਜ਼ ਸਰਕਾਰੀਆ ਗਰੁੱਪ ਵੱਲੋਂ ਕੀਤੇ ਗਏ ਸ਼ਬਦ ਕੀਰਤਨ ਨਾਲ ਹੋਇਆ। ਹਸਰਤ ਅਤੇ ਉਸਤਤ ਨੇ ਪੰਜਾਬੀ ਲੋਕ ਗੀਤ ਅਤੇ ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪੰਜਾਬ ਤੋਂ ਖ਼ਾਸ ਤੌਰ 'ਤੇ ਪਹੁੰਚੀ ਗਾਇਕਾ ਲਿਓਨਾ ਕੌਰ ਨੇ ਆਪਣੀ ਗਾਇਕੀ ਦਾ ਜਿੱਥੇ ਲੋਹਾ ਮਨਵਾਇਆ, ਉਥੇ ਹੀ ਦਵਿੰਦਰ ਧਾਰੀਆ ਦੇ ਗੀਤ 'ਛੱਡ ਆਏ' ਨੇ ਸਭ ਨੂੰ ਭਾਵੁਕ ਕਰ ਦਿੱਤਾ। ਸ਼ਿਫਲੀ ਤੋਂ ਲਿਬਰਲ ਪਾਰਟੀ ਵੱਲੋਂ ਪਹਿਲੀ ਵਾਰ ਚੁਣੇ ਗਏ ਪੰਜਾਬੀ ਉਮੀਦਵਾਰ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਲੋਕਾਂ ਨੂੰ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਜਾਣੂ ਕਰਵਾਇਆ।

PunjabKesari

ਪਾਇਨਰ ਕੋਚਿੰਗ ਨੇ ਬੱਚਿਆਂ ਨੂੰ ਨਰਸਰੀ ਤੋਂ ਪੜ੍ਹਾਈ ਨਾਲ ਜੋੜਨ ਅਤੇ ਆਧਾਰ ਬਨਾਉਣ 'ਤੇ ਰੋਸ਼ਨੀ ਪਾਈ। ਇਸ ਮੌਕੇ ਗੋਵਿੰਦਰ ਅਤੇ ਨਿਰਮਲ ਕੌਰ ਢਿੱਲੋਂ ਨੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਅਤੇ ਪ੍ਰਪੱਕ ਕਰਨ 'ਤੇ ਵਿਚਾਰਾਂ ਕੀਤੀਆਂ। ਉਥੇ ਹੀ ਅੰਤਰਰਾਸ਼ਟਰੀ ਹਾਕੀ ਖਿਡਾਰੀ ਨਵਤੇਜ ਤੇਜਾ ਨੇ ਲਾਇਨਜ਼ ਹਾਕੀ ਕਲੱਬ ਨੂੰ ਦੱਸਿਆ ਕਿ ਬੱਚਿਆਂ ਨੂੰ ਕਿਵੇਂ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ। ਪੰਜਾਬ ਦੀਆਂ ਰਵਾਇਤੀ ਖੇਡਾਂ ਚਾਟੀ ਰੇਸ, ਰੱਸਾਕਸ਼ੀ, ਮਿਊਜ਼ੀਕਲ ਚੇਅਰ ਆਦਿ ਨੇ ਸਾਰਿਆਂ ਦਾ ਮਨ ਮੋਹਿਆ। ਪੰਜਾਬ ਤੋਂ ਖ਼ਾਸ ਤੌਰ 'ਤੇ ਆਏ ਮਾਪੇ ਇਨ੍ਹਾਂ ਖੇਡਾਂ ਦਾ ਹਿੱਸਾ ਬਣੇ। ਇਸ ਸਮਾਗਮ ਵਿਚ ਪਹੁੰਚੇ ਮੰਤਰੀ ਸਾਹਿਬਾਨ ਨੇ ਸਾਰਿਆਂ ਨੂੰ ਵਿਸਾਖੀ ਦੀ ਮੁਬਾਰਕਬਾਦ ਦਿੱਤੀ।

PunjabKesari

ਮਾਣਯੋਗ ਸਟੀਵਨ ਵਾਲੀ ਨੇ ਇਹ ਮੇਲਾ ਕਰਾਉਣ ਲਈ ਪ੍ਰਬੰਧਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਇਨ੍ਹਾਂ ਦਾ ਸਾਥ ਦਿੰਦੇ ਰਹਾਂਗੇ। ਰਿਦਮ ਆਫ ਭੰਗੜਾ ਨੇ ਜਿੱਥੇ ਭੰਗੜੇ ਦੀਆਂ ਵੱਖ-ਵੱਖ ਵੰਨਗੀਆਂ ਨੂੰ ਪੇਸ਼ ਕੀਤਾ, ਉਥੇ ਹੀ ਯੂ. ਬੀ. ਸੀ. ਵੱਲੋਂ ਭੰਗੜਾ ਅਤੇ ਮਲਵਈ ਗਿੱਧੇ ਦੀ ਸਰਵਉਤਮ ਪੇਸ਼ਕਾਰੀ ਦਿੱਤੀ ਗਈ। ਆਸਟਰੇਲੀਆ ਦੇ ਜੰਮਪਲ ਬੱਚਿਆਂ ਨੇ ਜਿੱਥੇ ਫੋਕ ਐਂਡ ਫੰਕ ਭੰਗੜਾ ਆਲ ਸਟਾਰਜ਼ ਵੱਲੋਂ ਬਿਹਤਰੀਨ ਨਾਚ ਪੇਸ਼ ਕੀਤਾ। ਉਥੇ ਹੀ ਪੰਜਾਬੀ ਮੁਟਿਆਰਾਂ ਨੇ ਗਿੱਧਾ ਪਾ ਕੇ ਹਵਾ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ। ਇਸ ਮੌਕੇ ਸਿੰਘ ਮੋਟਰ ਸਾਈਕਲ ਕਲੱਬ ਨੇ ਮੋਟਰਸਾਈਕਲ ਦੀ ਨੁਮਾਇਸ਼ ਲਗਾਈ। ਪੂਰੀ ਬਲੈਕਟਾਊਨ ਸ਼ੋਅ ਗਰਾਊਂਡ ਵਿੱਚ ਭੋਜਨ ਅਤੇ ਹੋਰ ਵੰਨ ਸੁਵੰਨੀਆਂ ਦੁਕਾਨਾਂ ਨੇ ਸੱਚਮੁੱਚ ਪੰਜਾਬ ਦੇ ਮੇਲੇ ਦਾ ਭੁਲੇਖਾ ਪਾਇਆ। ਭੰਗੜੇ ਅਤੇ ਗਿੱਧੇ ਦੇ ਰੰਗ ਵਿੱਚ ਵੱਖਰੀਆਂ ਉਚਾਈਆਂ ਨੂੰ ਛੂੰਹਦਾ ਇਹ ਮੇਲਾ ਸਚਮੁੱਚ ਸਾਰਥਿਕ ਹੋ ਨਿਬੜਿਆ।

PunjabKesari


shivani attri

Content Editor

Related News