ਰੋਣ ''ਤੇ ਮਾਂ ਦੇ ਪ੍ਰੇਮੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਬੱਚਾ
Wednesday, Jan 16, 2019 - 10:17 PM (IST)

ਨਵੀਂ ਦਿੱਲੀ— ਦਿੱਲੀ ਦੇ ਕਾਪਸਹੇੜਾ ਇਲਾਕੇ 'ਚ 5 ਸਾਲ ਦੇ ਇਕ ਬੱਚੇ ਨੂੰ ਉਸ ਦੀ ਮਾਂ ਦੇ ਪ੍ਰੇਮੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਖਬਰਾਂ ਮੁਤਾਬਕ ਬੱਚੇ ਦੀ ਮਾਂ ਘਰ ਨਹੀਂ ਸੀ। ਬੱਚਾ ਅਚਾਨਕ ਰੋਣ ਲੱਗ ਪਿਆ। ਇਸ 'ਤੇ ਉਸ ਦੀ ਮਾਂ ਦੇ ਪ੍ਰੇਮੀ ਨਰਿੰਦਰ ਸਿੰਘ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਸ ਦੀ ਬਾਅਦ ਵਿਚ ਮੌਤ ਹੋ ਗਈ।
ਖਬਰਾਂ ਮੁਤਾਬਕ ਬੱਚੇ ਦੀ ਮਾਂ ਰਾਣੀ ਦਾ 7 ਸਾਲ ਪਹਿਲਾਂ ਸੂਰੀਆ ਪ੍ਰਤਾਪ ਸਿੰਘ ਨਾਲ ਵਿਆਹ ਹੋਇਆ ਸੀ। 5 ਸਾਲ ਪਹਿਲਾਂ ਉਨ੍ਹਾਂ ਦੇ ਘਰ ਇਕ ਬੱਚਾ ਹੋਇਆ। ਰਾਣੀ ਇਕ ਸਕੂਲ ਵਿਚ ਪੜ੍ਹਾਉਂਦੀ ਸੀ। ਉਥੇ ਉਸ ਦੇ ਨਰਿੰਦਰ ਨਾਮੀ ਇਕ ਵਿਅਕਤੀ ਨਾਲ ਸਬੰਧ ਬਣ ਗਏ। ਇਸ ਕਾਰਨ ਰਾਣੀ ਅਤੇ ਸੂਰੀਆ ਪ੍ਰਤਾਪ ਵਿਚ ਝਗੜਾ ਹੋਣ ਲੱਗ ਪਿਆ। ਰਾਣੀ ਆਪਣੇ ਪਤੀ ਨੂੰ ਛੱਡ ਕੇ ਪ੍ਰੇਮੀ ਨਰਿੰਦਰ ਕੋਲ ਆ ਕੇ ਰਹਿਣ ਲੱਗ ਪਈ। ਰਾਣੀ ਜਦੋਂ ਸਕੂਲ ਜਾਂਦੀ ਸੀ ਤਾਂ ਬੱਚੇ ਨੂੰ ਨਰਿੰਦਰ ਕੋਲ ਛੱਡ ਜਾਂਦੀ ਸੀ। ਪਹਿਲਾਂ ਤਾਂ ਨਰਿੰਦਰ ਨੇ ਕਿਹਾ ਸੀ ਕਿ ਬੱਚੇ ਦੀ ਹਾਲਤ ਲੱਡੂ ਖਾਣ ਨਾਲ ਵਿਗੜੀ ਪਰ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਕੁੱਟਮਾਰ ਕਾਰਨ ਹੋਈ ਹੈ। ਪੁਲਸ ਨੇ ਹੁਣ ਨਰਿੰਦਰ ਤੇ ਰਾਣੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।