ਆਸਟਰੀਆ ਦੇ ਚਾਂਸਲਰ ਬੋਲੇ, ਬੀਜਿੰਗ ਖੇਡਾਂ ਲਈ ਨਹੀਂ ਜਾਵਾਂਗੇ ਪਰ ਕੋਈ ਡਿਪਲੋਮੈਟਿਕ ਵਿਰੋਧ ਨਹੀਂ
Tuesday, Dec 14, 2021 - 03:49 PM (IST)
ਬਰਲਿਨ (ਭਾਸ਼ਾ)- ਆਸਟਰੀਆ ਦੇ ਚਾਂਸਲਰ ਕਾਰਲ ਨੇਹਾਮੇਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਕੋਈ ਵੀ ਚੋਟੀ ਦਾ ਰਾਜਨੇਤਾ ਬੀਜਿੰਗ ਸਰਦ ਰੁੱਤ ਖੇਡਾਂ ਵਿਚ ਸ਼ਾਮਲ ਨਹੀਂ ਹੋਵੇਗਾ, ਪਰ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਅਜਿਹਾ ਚੀਨ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਕਾਰਨ ਕੀਤਾ ਜਾਵੇਗਾ ਅਤੇ ਇਹ ਡਿਪਲੋਮੈਟਿਕ ਵਿਰੋਧ ਨਹੀਂ ਹੈ। ਚਾਂਸਲਰ ਨੇਹਾਮੇਰ ਨੇ ਇਹ ਟਿੱਪਣੀ ਮੰਗਲਵਾਰ ਨੂੰ ਜਰਮਨ ਦੇ ਰੋਜ਼ਾਨਾ ਅਖ਼ਬਾਰ ਡਾਈ ਵੇਲਜ਼ ਵਿਚ ਕੀਤੀ। ਇਸ ਤੋਂ ਪਹਿਲਾਂ ਆਸਟਰੀਆ ਅਤੇ ਯੂਰਪੀਅਨ ਯੂਨੀਅਨ ਦੇ ਕਈ ਹੋਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਚੀਨ ਦੇ ਮਨੁੱਖੀ ਅਧਿਕਾਰਾਂ ਦੇ ਮਾੜੇ ਰਿਕਾਰਡ ’ਤੇ ਚਿੰਤਾ ਜ਼ਾਹਰ ਕਰਦੇ ਹੋਏ, ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦੇ ਅਮਰੀਕਾ ਦੇ ਸੱਦੇ ਨਾਲ ਜੁੜਨ ਨੂੰ ਲੈ ਕੇ ਇੱਛੁਕ ਨਹੀਂ ਹਨ।
ਇਹ ਵੀ ਪੜ੍ਹੋ : ਅਜੈ ਸਿੰਘ ਨੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਲਈ ਜਿੱਤਿਆ ਤੀਜਾ ਸੋਨ ਤਮਗਾ
ਨੇਹਾਮੇਰ ਦੇ ਹਵਾਲੇ ਤੋਂ ਕਿਹਾ ਗਿਆ, ‘ਅਸੀਂ ਖੇਡਾਂ ਦੇ ਸਿਆਸੀਕਰਨ ਦੇ ਵਿਰੁੱਧ ਹਾਂ ਅਤੇ ਯੂਰਪੀਅਨ ਯੂਨੀਅਨ ਦੇ ਸੰਪਰਕ ਵਿਚ ਹਾਂ। ਆਸਟਰੀਆ ਦਾ ਕੋਈ ਵੀ ਚੋਟੀ ਦਾ ਰਾਜਨੇਤਾ ਓਲੰਪਿਕ ਖੇਡਾਂ ਲਈ ਚੀਨ ਨਹੀਂ ਜਾਵੇਗਾ।’ ਉਨ੍ਹਾਂ ਕਿਹਾ ਹਾਲਾਂਕਿ ਇਹ ਕੋਈ ਡਿਪਲੋਮੈਟਿਕ ਵਿਰੋਧ ਜਾਂ ਬਾਈਕਾਟ ਨਹੀਂ ਹੈ। ਚੀਨ ਵਿਚ ਕੋਵਿਡ ਪਾਬੰਦੀਆਂ ਬਹੁਤ ਸਖ਼ਤ ਹਨ ਅਤੇ ਇਸੇ ਲਈ ਅਜਿਹਾ ਕੀਤਾ ਜਾ ਰਿਹਾ ਹੈ। ਨੇਹਾਮੇਰ ਨੇ ਕਿਹਾ, ‘ਕੋਵਿਡ ਮਹਾਮਾਰੀ ਕਾਰਨ ਰਾਜਨੇਤਾ ਚੀਨ ਵਿਚ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਵਿਅਕਤੀਗਤ ਰੂਪ ਨਾਲ ਨਹੀਂ ਮਿਲ ਸਕਦੇ। ਇਸ ਲਈ ਆਸਟਰੀਆ ਦੇ ਰਾਜਨੇਤਾਵਾਂ ਜਾਂ ਡਿਪਲੋਮੈਟਾਂ ਦਾ ਚੀਨ ਜਾ ਕੇ ਉਥੇ ਆਪਣੇ ਖਿਡਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਇਸ ਦੀ ਬਜਾਏ ਅਸੀਂ ਵਿਏਨਾ ਵਿਚ ਆਪਣੇ ਖਿਡਾਰੀਆਂ ਨੂੰ ਮਿਲਣ ਨੂੰ ਤਰਜੀਹ ਦੇਵਾਂਗੇ।’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।