ਆਸਟ੍ਰੇਲੀਅਨ ਟੈਕਸ ਵਿਭਾਗ ਵੱਲੋਂ ਸੁਪਰ ਫੰਡ ''ਚ ਬੇਨਿਯਮੀਆਂ ਵਿਰੁੱਧ ਸਖਤ ਕਾਰਵਾਈ ਦੀ ਚਿਤਾਵਨੀ

06/24/2020 6:04:03 PM

ਬ੍ਰਿਸਬੇਨ/ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸਿੰਘ ਸੈਣੀ): ਸਰਕਾਰ ਵੱਲੋਂ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਕਾਮੇ ਜਿੰਨ੍ਹਾਂ ਦਾ ਕੋਵਿਡ-19 ਮਹਾਮਾਰੀ ਕਾਰਨ ਵਿੱਤੀ ਨੁਕਸਾਨ ਹੋਇਆ ਹੈ, ਲੋੜ ਪੈਣ 'ਤੇ ਵਿੱਤੀ ਵਰ੍ਹੇ 2020 ਅਤੇ 2021 ਵਿੱਚ ਆਪਣੇ ਸੁਪਰ ਫੰਡ ‘ਚੋਂ 20,000 ਡਾਲਰ ਤੱਕ ਵਰਤ ਸਕਦੇ ਹਨ। ਇਸ ਦੌਰਾਨ ਇਸ ਪ੍ਰਕਿਰਿਆ ਵਿੱਚ ਪਾਈਆਂ ਬੇਨਿਯਮੀਆਂ ਦੇ ਮੱਦੇਨਜ਼ਰ ਹੁਣ ਆਸਟ੍ਰੇਲੀਅਨ ਟੈਕਸ ਆਫ਼ਿਸ (ਏਟੀਓ) ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਦੁਆਰਾ ਨਿਰਧਾਰਿਤ ਯੋਗਤਾ ਜਾਂ ਸ਼ਰਤਾਂ ਪੂਰੀਆਂ ਕੀਤੇ ਬਗੈਰ ਪੈਸੇ ਕੱਢਣ ਵਾਲੇ ਲੋਕਾਂ ਨੂੰ 12,000 ਡਾਲਰ ਤੋਂ ਵੀ ਵੱਧ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। 

ਗੌਰਤਲਬ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੁਝ ਹੋਰ ਆਰਜ਼ੀ ਵੀਜ਼ਾ ਧਾਰਕਾਂ ਵਾਲਿਆਂ ਕਾਮਿਆਂ ਨੂੰ ਵਿੱਤੀ ਸਹਾਇਤਾ ਬਾਬਤ ਆਪਣੇ ਸੁਪਰ ਫੰਡ (ਸੁਪਰਅਨੂਏਸ਼ਨ) ‘ਚੋਂ 10,000 ਡਾਲਰ ਤੱਕ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਏਟੀਓ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਕੁਝ ਮਾਮਲਿਆਂ ਦੀ ਜਾਂਚ ਕੀਤੀ ਗਈ ਹੈ ਤੇ ਜਿਸ ਵਿੱਚ ਕੁਝ ਗਲਤ ਤੱਥਾਂ ਦਾ ਖੁਲਾਸਾ ਹੋਇਆ ਹੈ।ਜਿਸਦੇ ਚੱਲਦਿਆਂ ਕੁਝ ਮਾਮਲਿਆਂ ਵਿੱਚ ਪੈਸੇ 'ਤੇ ਰੋਕ ਲਗਾਉਣ ਦੇ ਨਾਲ ਕਈ ਅਰਜ਼ੀਆਂ ਦੀ ਸੁਣਵਾਈ ਰੋਕ ਦਿੱਤੀ ਗਈ ਹੈ। 

ਵਿਭਾਗ ਦਾ ਕਹਿਣਾ ਹੈ ਕਿ ਉਹ ਇਸ ਵਿੱਤੀ ਸਹਾਇਤਾ ਪ੍ਰੋਗਰਾਮ ਨੂੰ ਸੁਚਾਰੂ ਬਣਾਉਣ ਲਈ ਕੁਝ ਹੋਰ ਬਿਨੈਕਾਰਾਂ ਦੇ ਹਾਲਾਤਾਂ ਦਾ ਗੰਭੀਰਤਾ ਨਾਲ ਜਾਇਜਾ ਤੇ ਪੜਚੋਲ ਕਰ ਰਹੇ ਹਨ। ਸੁਪਰ-ਅਨੂਏਸ਼ਨ ਪਹਿਲਾਂ ਕਢਵਾਉਣ ਲਈ ਦਾਅਵਾ ਕਰਨ ਵਾਲਿਆਂ ਦੀ ਵਿੱਤੀ ਹਕੀਕਤ ਬਾਰੇ ਜਾਨਣ ਲਈ ਵਿਭਾਗ ਆਮਦਨ ਟੈਕਸ ਰਿਟਰਨ, ਸੁਪਰ ਫੰਡਾਂ ਤੋਂ ਪ੍ਰਾਪਤ ਜਾਣਕਾਰੀ, ਸਿੰਗਲ ਟਚ ਪੇਅਰੋਲ ਡੇਟਾ ਅਤੇ ਸਰਵਿਸ ਆਸਟ੍ਰੇਲੀਆ ਦੇ ਡਾਟਾ ਦੀ ਵਰਤੋਂ ਕਰ ਸਕਦਾ ਹੈ। ਵਿਭਾਗ ਦਾ ਕਹਿਣਾ ਹੈ ਕਿ ਹੁਣ ਤੱਕ 2 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਇਸ ਵਰਤਾਰੇ ਨੂੰ ਅੰਜਾਮ ਦੇ ਚੁੱਕੇ ਹਨ। ਦੱਸਣਯੋਗ ਹੈ ਕਿ ਪਹਿਲਾਂ ਸੁਪਰ ਕਢਾਉਣ ਦੀ ਸ਼ਰਤ ਪੂਰੀ ਕਰਨ ਲਈ ਬੇਰੁਜ਼ਗਾਰੀ, ਕੰਮ ਤੋਂ ਵੇਹਲੇ ਹੋਣਾ ਜਾਂ ਕੰਮਕਾਜੀ ਘੰਟਿਆਂ ਵਿੱਚ ਘੱਟੋ-ਘੱਟ 20% ਦੀ ਕਮੀ ਅਤੇ ਕਾਰੋਬਾਰਾਂ ਦੀ ਟਰਨਓਵਰ ਵਿੱਚ 20 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦੇ ਘਾਟੇ ਅਤੇ ਹੋਰ ਆਰਥਿਕ ਮੰਦਹਾਲੀ ਦੀਆਂ ਸ਼ਰਤਾਂ ਸ਼ਾਮਿਲ ਹਨ।


Vandana

Content Editor

Related News