ਇਹਨਾਂ ਵੀਜ਼ਾਂ ਧਾਰਕਾਂ ਨੂੰ ਆਸਟਰੇਲੀਆਈ ਸਰਕਾਰ ਵਲੋਂ ਨਹੀਂ ਮਿਲੇਗੀ ਕੋਈ ਮਾਲੀ ਸਹਾਇਤਾ

04/03/2020 7:32:19 PM

ਬ੍ਰਿਸਬੇਨ(ਸਤਵਿੰਦਰ ਟੀਨੂੰ)- ਕਰੋਨਾਵਾਇਰਸ ਨੇ ਦੁਨੀਆਂ ਭਰ ਦੇ ਦੇਸ਼ਾਂ ਦੀ ਤੇਜ਼ ਤਰਾਰ ਜ਼ਿੰਦਗੀ ਨੂੰ ਰੋਕ ਕੇ ਰੱਖ ਦਿੱਤਾ ਹੈ। ਸਾਰੇ ਸੰਸਾਰ ਦੇ ਵਪਾਰ ਨੂੰ ਇਸ ਨਾਮੁਰਾਦ ਬਿਮਾਰੀ ਨੇ ਡੂੰਘੀ ਸੱਟ ਮਾਰੀ ਹੈ। ਹਰ ਇਕ ਦੇਸ਼ ਦੀਆਂ ਸਰਕਾਰਾਂ ਆਪੋ-ਆਪਣੇ ਢੰਗ ਨਾਲ ਇਸ ਔਖੀ ਘੜੀ ਵਿਚ ਨਾਗਰਿਕਾਂ ਦੀ ਮਦਦ ਕਰ ਰਹੀਆਂ ਹਨ। ਆਸਟਰੇਲੀਆ ਦੇ ਮਾਣਯੋਗ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀ ਆਸਟਰੇਲੀਆ ਦੇ ਸ਼ਹਿਰੀਆਂ ਲਈ ਦਿਲ ਖੋਲ੍ਹ ਕੇ ਮਦਦ ਦਾ ਐਲਾਨ ਕੀਤਾ ਹੈ। ਪਰ ਦੂਜੇ ਪਾਸੇ ਅੱਜ ਕੈਨਬਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੀਜ਼ਾ ਧਾਰਕਾਂ ਦੀ ਕੋਈ ਮੱਦਦ ਨਹੀਂ ਕਰ ਸਕਦੇ।

ਇਸ ਦੌਰਾਨ ਉਹਨਾਂ ਕਿਹਾ ਕਿ ਉਹ ਵਿਦਿਆਰਥੀ ਵੀਜ਼ਾ, ਸੈਲਾਨੀ ਵੀਜ਼ਾ, ਆਰਜ਼ੀ ਵੀਜ਼ਾ ਤੇ ਵਰਕਿੰਗ ਹੌਲੀਡੇਅ ਵੀਜ਼ਾ ਧਾਰਕਾਂ ਦੀ ਕੋਈ ਵੀ ਮਾਲੀ ਮਦਦ ਨਹੀਂ ਕਰ ਸਕਦੇ ਹਨ। ਜੇਕਰ ਕਿਸੇ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਦੇਸ਼ ਵਾਪਸ ਜਾ ਸਕਦੇ ਹਨ ਨਹੀਂ ਤਾਂ ਉਹ ਆਪਣੇ ਖਰਚੇ ਆਪ ਕਰਨ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਵਿਦਿਆਰਥੀ ਵੀਜ਼ਾ ਸ਼੍ਰੇਣੀ ਵਾਲੇ ਧਾਰਕਾਂ ਨੂੰ ਆਪਣੇ ਜ਼ਰੂਰੀ ਫੰਡ ਦਿਖਾਉਣ 'ਤੇ ਹੀ ਵੀਜ਼ਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਇਕ ਵੀਜ਼ਾ ਦੀ ਸ਼ਰਤ ਹੈ। ਸੋ ਵਿਦਿਆਰਥੀਆਂ ਨੂੰ ਆਪਣਾ ਖਰਚਾ ਆਪ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਦੀ ਹੁਣ ਇਥੇ ਲੋਕਲ ਭਾਈਚਾਰੇ ਵਲੋਂ ਮਦਦ ਕੀਤੀ ਜਾ ਰਹੀ ਹੈ। ਆਸਟਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਵਿਚ ਵੀ ਬ੍ਰਿਸਬੇਨ ਸਿੱਖ ਟੈਂਪਲ ਏਟ ਮਾਈਲ ਪਲੇਨਜ ਵਲੋਂ ਵੀ ਖਾਣ-ਪੀਣ ਦੀਆਂ ਵਸਤਾਂ ਦਿੱਤੀਆਂ ਜਾ ਰਹੀਆਂ ਹਨ। ਹੋਰ ਵੀ ਕਈ ਸੰਸਥਾਵਾਂ ਜਿਵੇਂ ਨੱਚ ਚੱਲੀਏ, ਖਾਲਸਾ ਏਡ ਤੇ ਮੰਦਰਾਂ ਵਲੋਂ ਵੀ ਮਦਦ ਕੀਤੀ ਜਾ ਰਹੀ ਹੈ। 'ਜਗ ਬਾਣੀ' ਨੇ ਅਮੇਰਿਕਨ ਕਾਲਜ ਦੇ ਡਾਇਰੈਕਟਰ ਅਤੇ ਪਾਪੂਆ ਨਿਊ ਗਿਨੀ ਦੇ ਰਾਜਦੂਤ ਡਾਕਟਰ ਬਰਨਾਰਡ ਮਲਿਕ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਔਖੀ ਘੜੀ ਵਿਚ ਖੜ੍ਹੇ ਹਾਂ। ਅਸੀਂ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇ ਰਹੇ ਹਾਂ ਅਤੇ ਹਰ ਸੰਭਵ ਮਦਦ ਦਾ ਵਿਸ਼ਵਾਸ ਦਿਵਾਉਂਦੇ ਹਾਂ।


Baljit Singh

Content Editor

Related News