ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਸਿਹਤ ਪ੍ਰਣਾਲੀ ''ਚ ਸੁਧਾਰ ਲਈ ਫੰਡ ਦੇਣ ਦਾ ਕੀਤਾ ਐਲਾਨ

Saturday, Apr 29, 2023 - 04:00 PM (IST)

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਸਿਹਤ ਪ੍ਰਣਾਲੀ ''ਚ ਸੁਧਾਰ ਲਈ ਫੰਡ ਦੇਣ ਦਾ ਕੀਤਾ ਐਲਾਨ

ਕੈਨਬਰਾ (ਏਜੰਸੀ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੇਸ਼ ਦੀ ਸਿਹਤ ਪ੍ਰਣਾਲੀ ਵਿੱਚ ਵੱਡੇ ਪੱਧਰ ‘ਤੇ ਸੁਧਾਰ ਦਾ ਐਲਾਨ ਕੀਤਾ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਰਾਜ ਅਤੇ ਖੇਤਰੀ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ, ਅਲਬਾਨੀਜ਼ ਨੇ ਮੈਡੀਕੇਅਰ, ਦੇਸ਼ ਦੀ ਯੂਨੀਵਰਸਲ ਹੈਲਥ ਕੇਅਰ ਸਕੀਮ ਵਿਚ ਸੁਧਾਰ ਲਈ 2.2 ਬਿਲੀਅਨ ਆਸਟ੍ਰੇਲੀਆਈ ਡਾਲਰ (1.4 ਬਿਲੀਅਨ ਅਮਰੀਕੀ ਡਾਲਰ) ਦੇ ਪੈਕੇਜ ਦਾ ਖੁਲਾਸਾ ਕੀਤਾ।

ਉਪਾਵਾਂ ਵਿੱਚ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਡਿਜੀਟਲ ਸਿਹਤ ਵਿੱਚ ਨਿਵੇਸ਼ ਕਰਨਾ ਵੀ ਸ਼ਾਮਲ ਹੈ। ਪੈਕੇਜ ਬਾਰੇ ਦੱਸਦਿਆਂ, ਅਲਬਾਨੀਜ਼ ਨੇ ਕਿਹਾ ਕਿ 2023 ਵਿੱਚ ਸਿਹਤ ਉਨ੍ਹਾਂ ਦੀ ਸਰਕਾਰ ਲਈ ਤਰਜੀਹ ਰਹੇਗੀ। ਉਨ੍ਹਾਂ ਕਿਹਾ ਕਿ ਉਪਾਵਾਂ ਦਾ ਇਹ ਪੈਕੇਜ ਪ੍ਰਾਇਮਰੀ ਕੇਅਰ ਵਿੱਚ ਫੌਰੀ ਚੁਣੌਤੀਆਂ ਦਾ ਹੱਲ ਕਰੇਗਾ, ਹਸਪਤਾਲ ਪ੍ਰਣਾਲੀ ਤੋਂ ਦਬਾਅ ਨੂੰ ਦੂਰ ਕਰੇਗਾ ਅਤੇ ਲੰਬੇ ਸਮੇਂ ਦੇ ਮੈਡੀਕੇਅਰ ਸੁਧਾਰਾਂ ਦੀ ਨੀਂਹ ਰੱਖੇਗਾ।

ਚੋਟੀ ਦੇ ਡਾਕਟਰਾਂ ਦੀ ਸੰਸਥਾ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (ਏ.ਐੱਮ.ਏ.) ਵੱਲੋਂ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟਰੇਲੀਆ ਦੇ ਪਬਲਿਕ ਹਸਪਤਾਲਾਂ ਦੀ ਕਾਰਗੁਜ਼ਾਰੀ ਇੱਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਏ.ਐੱਮ.ਏ. ਦੇ ਪ੍ਰਧਾਨ ਸਟੀਵ ਰੌਬਸਨ ਨੇ ਕਿਹਾ ਕਿ ਇਹ ਉਤਸ਼ਾਹਜਨਕ ਹੈ ਕਿ ਦੇਸ਼ ਭਰ ਦੀਆਂ ਸਰਕਾਰਾਂ ਸਿਹਤ ਨੂੰ ਤਰਜੀਹ ਦੇ ਰਹੀਆਂ ਹਨ।


author

cherry

Content Editor

Related News