ਕੋਰੋਨਾ ਕਾਰਨ ਆਸਟ੍ਰੇਲੀਆਈ ਪਾਰਟਨਰ ਵੀਜ਼ਾ ‘ਚ ਦੇਰੀ, ਇਕ ਲੱਖ ਅਰਜ਼ੀਆਂ ਕਤਾਰ ''ਚ

Saturday, Sep 05, 2020 - 04:17 PM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਵੀਜ਼ਾ ਕਾਰਵਾਈ ਵਿਚ ਹੋ ਰਹੀ ਦੇਰੀ ਕਾਰਨ ਤਕਰੀਬਨ ਇਕ ਲੱਖ ਆਸਟ੍ਰੇਲੀਆਈ ਲੋਕ ਆਪਣੀ ਪਾਰਟਨਰ ਵੀਜ਼ਾ ਅਰਜ਼ੀ ਨੂੰ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।

ਗੌਰਤਲਬ ਹੈ ਕਿ ਇਸ ਸਮੇਂ ਪਾਰਟਨਰ ਵੀਜ਼ਾ ਲੈਣ ਲਈ ਦੋ ਸਾਲ ਜਾਂ ਕਈ ਮਾਮਲਿਆਂ ਵਿਚ ਇਸ ਤੋਂ ਵੀ ਵੱਧ ਉਡੀਕ ਕਰਨੀ ਪੈ ਰਹੀ ਹੈ। ਸੰਸਦ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੂਲੀਅਨ ਹਿੱਲ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੌਜੂਦਾ ਸੰਘੀ ਸਰਕਾਰ ਨੂੰ ਪਾਰਟਨਰ ਵੀਜ਼ਾ ਬਿਨੈਕਾਰਾਂ ਦੇ ਵੱਧ ਰਹੀ ਦੇਰੀ ਕਾਰਨ ਪਰਿਵਾਰਾਂ ਨੂੰ ਆਰਥਿਕ ਅਤੇ ਵਿਛੋੜੇ ਦੀ ਮਾਰ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਹੱਲ ਕਰਨ ਲਈ ਆਪੀਲ ਕੀਤੀ। 

ਉਨ੍ਹਾਂ ਦੱਸਿਆ ਕਿ ਇਸ ਵੇਲ਼ੇ ਲਗਭਗ 100000 ਆਸਟ੍ਰੇਲੀਆਈ ਲੋਕਾਂ ਦੀ ਜ਼ਿੰਦਗੀ ਆਪਣੇ ਜੀਵਨ ਸਾਥੀਆਂ ਦੇ ਇੰਤਜ਼ਾਰ ‘ਚ ਬਤੀਤ ਹੋ ਰਹੀ ਹੈ। ਆਰਜੀ ਵੀਜ਼ੇ ਦੀ ਅਣਹੋਂਦ ‘ਚ ਇੰਤਜ਼ਾਰ ਦਾ ਸਮਾਂ ਲਗਾਤਾਰ ਵਧਣ ਨਾਲ ਰਿਸ਼ਤਿਆਂ ਵਿਚ ਤਣਾਅ ਵੱਧਦਾ ਜਾ ਰਿਹਾ ਹੈ ਜੋ ਪਰਿਵਾਰਾਂ ਲਈ ਬਹੁਤ ਹੀ ਗੰਭੀਰ ਤੇ ਦੁੱਖਦਾਈ ਹੈ। ਇਸ ਕਾਰਨ ਕਾਫ਼ੀ ਰਿਸ਼ਤੇ ਟੁੱਟ ਵੀ ਗਏ ਹਨ ਜਾਂ ਟੁੱਟਣ ਦੀ ਕਗਾਰ ਤੇ ਨੇ ਜੋ ਕਿ ਮਨੁੱਖਤਾ ਦੇ ਉਲਟ ਹੈ। 

ਗ੍ਰਹਿ ਵਿਭਾਗ ਦੀ ਵੈੱਬਸਾਈਟ 'ਤੇ ਉਪਲੱਬਧ ਜਾਣਕਾਰੀ ਮੁਤਾਬਕ 90 ਫੀਸਦੀ ਸਬਕਲਾਸ 309 ਪਾਰਟਨਰ ਵੀਜ਼ਾ ਅਰਜ਼ੀਆਂ 'ਤੇ 24 ਮਹੀਨਿਆਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾ ਰਹੀ ਹੈ। ਓਧਰ ਗ੍ਰਹਿ ਮੰਤਰਾਲੇ ਨੇ ਮੰਨਿਆ ਹੈ ਕਿ ਕੋਰੋਨਾ ਮਹਾਮਾਰੀ ਦਾ ਵੀਜ਼ਾ ਪ੍ਰਕਿਰਿਆ ‘ਤੇ ਅਸਰ ਪਿਆ ਹੈ ਪਰ ਵਿਭਾਗ ਵੱਲੋਂ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਨਿਰੰਤਰ ਜਾਰੀ ਹੈ। ਬੁਲਾਰੇ ਨੇ ਕਿਹਾ ਕਿ ਕੁਝ ਬਿਨੈਕਾਰਾਂ ਨੂੰ ਇਸ ਸਮੇਂ ਕੋਵਿਡ-19 ਹਾਲਾਤਾਂ ਕਰਕੇ ਆਪਣੇ ਦੇਸ਼ਾਂ ‘ਚ ਸਿਹਤ, ਚਰਿੱਤਰ ਜਾਂ ਬਾਇਓਮੈਟ੍ਰਿਕਸ ਵਰਗੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਵਿਚ ਮੁਸ਼ਕਲ ਅਤੇ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰਹਿ ਵਿਭਾਗ ਨਿਯਮਾਂ ਮੁਤਾਬਕ ਪੂਰੀ ਜਾਣਕਾਰੀ ਪ੍ਰਾਪਤ ਹੋਣ 'ਤੇ ਮੁਲਾਂਕਣ ਕਰਨ ਤੋਂ ਬਾਅਦ ਹੀ ਕਿਸੇ ਵੀਜ਼ਾ ਅਰਜ਼ੀ 'ਤੇ ਫ਼ੈਸਲਾ ਲੈ ਸਕਦਾ ਹੈ।
 


Sanjeev

Content Editor

Related News