AUS ਜੰਗਲੀ ਅੱਗ : 'ਰੱਬਾ ਮੀਂਹ ਪਾ' ਮੁਸਲਿਮ-ਈਸਾਈ ਭਾਈਚਾਰੇ ਨੇ ਮਿਲ ਕੇ ਕੀਤੀ ਫਰਿਆਦ

01/05/2020 2:25:40 PM

ਐਡੀਲੇਡ— ਆਸਟ੍ਰੇਲੀਆ 'ਚ ਜੰਗਲੀ ਅੱਗ ਕਾਰਨ ਕਾਫੀ ਬਰਬਾਦੀ ਹੋ ਰਹੀ ਹੈ ਤੇ ਇਸ ਕਾਰਨ ਦੇਸ਼ ਵੱਡਾ ਨੁਕਸਾਨ ਝੱਲ ਰਿਹਾ ਹੈ ਤੇ ਹਰ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਹਨ। ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਪਰ ਅਜੇ ਤਕ ਅੱਗ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਤਕ ਲਗਭਗ 23 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਅਜਿਹੇ 'ਚ ਲੋਕ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ ਤਾਂ ਕਿ ਮੀਂਹ ਪਵੇ ਤੇ ਜੰਗਲੀ ਅੱਗ ਨੂੰ ਸ਼ਾਂਤ ਕੀਤਾ ਜਾ ਸਕੇ ਅਤੇ ਕਈ ਖੇਤਰਾਂ 'ਚ ਪਏ ਸੋਕੇ ਤੋਂ ਰਾਹਤ ਮਿਲ ਸਕੇ। ਐਤਵਾਰ ਨੂੰ ਐਡੀਲੇਡ ਦੇ ਬੋਨੀਥਨ ਪਾਰਕ 'ਚ 50 ਤੋਂ ਵਧੇਰੇ ਔਰਤਾਂ, ਮਰਦ ਅਤੇ ਬੱਚੇ ਇਕੱਠੇ ਹੋਏ, ਜਿਨ੍ਹਾਂ ਨੇ ਖੁਦਾ ਅੱਗੇ ਫਰਿਆਦ ਕੀਤੀ ਕਿ ਉਹ ਮੀਂਹ ਪਾ ਕੇ ਲੋਕਾਂ ਨੂੰ ਅੱਗ ਅਤੇ ਗਰਮੀ ਤੋਂ ਬਚਾਵੇ। ਖਾਸ ਗੱਲ ਇਹ ਰਹੀ ਕਿ ਈਸਾਈ ਤੇ ਮੁਸਲਮਾਨਾਂ ਨੇ ਮਿਲ ਕੇ ਇਹ ਪ੍ਰਾਰਥਨਾ ਕੀਤੀ। ਪਾਦਰੀ ਪੈਟ੍ਰਿਕ ਮਕਲਨੇਰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੁਸਲਿਮ ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਾਰਥਨਾ ਭਾਵ ਫਰਿਆਦ ਕੀਤੀ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ 'ਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਸੈਂਕੜੇ ਘਰ ਸੜ ਕੇ ਸਵਾਹ ਹੋ ਚੁੱਕੇ ਹਨ। ਤਕਰੀਬਨ 5 ਕਰੋੜ ਜਾਨਵਰਾਂ ਦੀ ਜਾਨ ਚਲੇ ਗਈ ਹੈ। ਇਸ ਮੁਸ਼ਕਿਲ ਘੜੀ 'ਚ ਸਾਰੇ ਭਾਈਚਾਰਿਆਂ ਦੇ ਲੋਕ ਮਿਲ ਕੇ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਕਈ ਦਿਨਾਂ ਤੋਂ ਆਸਟ੍ਰੇਲੀਆ 'ਚ ਰਿਕਾਰਡ ਤੋੜ ਗਰਮੀ ਪੈ ਰਹੀ ਹੈ, ਜਿਸ ਕਾਰਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।


Related News