ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਦੱਖਣੀ ਚੀਨ ਸਾਗਰ ''ਤੇ ਕੀਤੀ ਟਿੱਪਣੀ, ਭੜਕਿਆ ਚੀਨ
Friday, Jul 31, 2020 - 06:29 PM (IST)
ਬੀਜਿੰਗ/ਮੈਲਬੌਰਨ (ਬਿਊਰੋ): ਦੱਖਣੀ ਚੀਨ ਸਾਗਰ ਮੁੱਦੇ 'ਤੇ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਹੁਣ ਇਕ ਆਸਟ੍ਰੇਲੀਆਈ ਹਾਈ ਕਮਿਸ਼ਨਰ ਵੱਲੋਂ ਕੀਤੀ ਟਿੱਪਣੀ ਦੇ ਬਾਅਦ ਚੀਨ ਇਕ ਵਾਰ ਫਿਰ ਭੜਕ ਪਿਆ ਹੈ।ਦੱਖਣੀ ਚੀਨ ਸਾਗਰ ਵਿਚ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੀਆਂ ਜਲ ਸੈਨਾਵਾਂ ਦੇ ਯੁੱਧ ਅਭਿਆਸ ਦੀ ਤਪਸ਼ ਹੁਣ ਭਾਰਤ ਤੱਕ ਪਹੁੰਚਦੀ ਦਿਸ ਰਹੀ ਹੈ।ਭਾਰਤ ਵਿਚ ਆਸਟ੍ਰੇਲੀਆ ਦੇ ਰਾਜਦੂਤ ਬੈਰੀ ਓ ਫਾਰੇਲ ਨੇ ਚੀਨ ਦੇ ਇਸ ਹਿੱਸੇ 'ਤੇ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਦੇ ਇਸ ਬਿਆਨ ਨੂੰ ਭਾਰਤ ਵਿਚ ਤਾਇਨਾਤ ਚੀਨੀ ਰਾਜਦੂਤ ਸੇਨ ਵਿਡੋਂਗ ਨੇ ਖਾਰਿਜ ਕਰ ਦਿੱਤਾ ਹੈ। ਇੰਨਾ ਹੀ ਨਹੀਂ ਦੋਵੇਂ ਡਿਪਲੋਮੈਟ ਟਵਿੱਟਰ 'ਤੇ ਭਿੜ ਗਏ। ਚੀਨ ਨੇ ਆਸਟ੍ਰੇਲੀਆ ਦੇ ਭਾਰਤ ਵਿਚ ਹਾਈ ਕਮਿਸ਼ਨਰ ਦੀ ਟਿੱਪਣੀ 'ਤੇ ਇਤਰਾਜ਼ ਜ਼ਾਹਰ ਕੀਤਾ ਹੈ।
ਚੀਨ ਨੇ ਕਿਹਾ ਹੈ ਕਿ ਉਸ ਨੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਦੀ ਦੱਖਣੀ ਚੀਨ ਸਾਗਰ ਸਬੰਧੀ ਤੱਥਾਂ ਦੀ ਅਣਦੇਖੀ ਕਰਨ ਵਾਲੀ ਟਿੱਪਣੀ ਨੂੰ ਨੋਟ ਕੀਤਾ ਹੈ। ਭਾਰਤ ਵਿਚ ਚੀਨ ਦੇ ਰਾਜਦੂਤ ਸੇਨ ਵਿਡੋਂਗ ਨੇ ਕਿਹਾ ਕਿ ਚੀਨ ਦੇ ਦੱਖਣੀ ਚੀਨ ਸਾਗਰ ਵਿਚ ਖੇਤਰੀ ਪ੍ਰਭੂਸੱਤਾ ਅਤੇ ਸੰਚਾਲਨ ਕਰਨ ਦੇ ਅਧਿਕਾਰ ਅਤੇ ਹਿੱਤ ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਤਾਬਕ ਹਨ। ਇਹ ਸਪਸ਼ੱਟ ਹੈ ਕਿ ਕੌਣ ਸ਼ਾਂਤੀ ਤੇ ਸਥਿਰਤਾ ਦੀ ਰੱਖਿਆ ਕਰ ਰਿਹਾ ਹੈ ਅਤੇ ਕੌਣ ਖੇਤਰ ਵਿਚ ਅਸਥਿਰਤਾ ਨੂੰ ਵਧਾ ਰਿਹਾ ਹੈ ਅਤੇ ਭੜਕਾਉਣ ਵਾਲੀ ਕਾਰਵਾਈ ਕਰ ਰਿਹਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ 'ਤੇ ਨਿਸ਼ਾਨਾ ਵਿੰਨ੍ਹਿਆ ਸੀ।
ਦੇਸ਼ਾਂ ਵਿਚ ਤਣਾਅ ਸਿਖਰ 'ਤੇ
ਆਸਟ੍ਰੇਲੀਅਨ ਰਾਜਦੂਤ ਫਾਰੇਲ ਨੇ ਕਿਹਾ ਸੀ,''ਅਸੀਂ ਦੱਖਣੀ ਚੀਨ ਸਾਗਰ ਵਿਚ ਚੁੱਕੇ ਜਾ ਰਹੇ ਕਦਮਾਂ ਨਾਲ ਚਿੰਤਤ ਹਾਂ ਜੋ ਅਸਥਿਰਤਾ ਨੂੰ ਵਧਾ ਰਹੇ ਹਨ ਅਤੇ ਸੰਘਰਸ਼ ਨੂੰ ਭੜਕਾ ਸਕਦਾ ਹੈ।'' ਪਿਛਲੇ ਹਫਤੇ ਆਸਟ੍ਰੇਲੀਆ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਕ ਨੋਟ ਜਾਰੀ ਕੀਤਾ ਸੀ ਅਤੇ ਚੀਨ ਦੇ ਦੱਖਣੀ ਚੀਨ ਸਾਗਰ ਵਿਚ ਗੈਰ ਕਾਨੂੰਨੀ ਸ਼ਿਪਿੰਗ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ।'' ਇੱਥੇ ਦੱਸ ਦਈਏ ਕਿ ਚੀਨ ਅਤੇ ਆਸਟ੍ਰੇਲੀਆ ਦੇ ਵਿਚ ਇਨੀਂ ਦਿਨੀਂ ਤਣਾਅ ਸਿਖਰ 'ਤੇ ਹੈ। ਦੋਵੇਂ ਦੇਸ਼ ਇਕ-ਦੂਜੇ ਦੇ ਵਿਰੁੱਧ ਲਗਾਤਾਰ ਜ਼ੁਬਾਨੀ ਅਤੇ ਵਪਾਰਕ ਹਮਲੇ ਕਰ ਰਹੇ ਹਨ।
ਇਸ ਬਿਆਨ ਦੇ ਬਾਅਦ ਚੀਨੀ ਰਾਜਦੂਤ ਵਿਡੋਂਗ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ। ਉਹਨਾਂ ਨੇ ਲਿਖਿਆ,''ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਦੀ ਦੱਖਣੀ ਚੀਨ ਸਾਗਰ ਸਬੰਧੀ ਕੀਤੀ ਟਿੱਪਣੀ ਨੂੰ ਨੋ ਟਕਰ ਲਿਆ ਹੈ।ਚੀਨੀ ਰਾਜਦੂਤ ਦੇ ਇਸ ਟਵੀਟ ਦੇ ਕੁਝ ਮਿੰਟਾਂ ਬਾਅਦ ਹੀ ਆਸਟ੍ਰੇਲੀਆਈ ਹਾਈ ਕਮਿਸ਼ਨਰ ਬੈਰੀ ਓ ਫਾਰੇਲ ਨੇ ਉਹਨਾਂ ਨੂੰ ਜਵਾਬ ਦਿੱਤਾ। ਉਹਨਾਂ ਨੇ ਟਵੀਟ ਵਿਚ ਲਿਖਿਆ,''ਤੁਹਾਡਾ ਬਹੁਤ ਧੰਨਵਾਦਾ। ਮੈਂ ਆਸ ਕਰਦਾ ਹਾਂਕਿ ਤੁਸੀਂ ਸਾਲ 2016 ਦੇ ਦੱਖਣੀ ਚੀਨ ਸਾਗਰ 'ਤੇ ਪੰਚਾਟ ਦੇ ਫੈਸਲੇ ਨੂੰ ਮੰਨਦੇ ਹੋਵੋਗੇ ਜੋ ਕਿ ਆਖਰੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਹੈ। ਮੈਂ ਇਹ ਵੀ ਆਸ ਕਰਦਾਂ ਹਾਂ ਕਿ ਤੁਸੀਂ ਸਧਾਰਨ ਤੌਰ 'ਤੇ ਅਜਿਹੀ ਕਾਰਵਾਈ ਤੋਂ ਬਚੋਗੇ ਜੋ ਮੌਜੂਦਾ ਸਥਿਤੀ ਵਿਚ ਇਕ ਪੱਖੀ ਵਿਚ ਤਬਦੀਲੀ ਕਰਨ ਵਾਲੀ ਹੋਵੇ।''
Thank you @China_Amb_India. I would hope then you follow the 2016 South China Sea Arbitral Award which is final and binding under international law, and also generally refrain from actions that unilaterally alter the status quo. https://t.co/1w2nrcrxhr
— Barry O’Farrell AO (@AusHCIndia) July 31, 2020
ਦੱਖਣੀ ਚੀਨ ਸਾਗਰ ਵਿਚ ਚੱਲ ਰਹੇ ਤਣਾਅ ਦੇ ਵਿਚ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੀ ਨੇਵੀ ਨੇ ਸੰਯੁਕਤ ਗਸ਼ਤ ਸ਼ੁਰੂ ਕੀਤੀ ਹੈ। ਅਮਰੀਕਾ ਦੇ ਦੋ ਏਅਰਕ੍ਰਾਫਟ ਕੈਰੀਅਰ ਇਸ ਇਲਾਕੇ ਵਿਚ ਲਗਾਤਾਰ ਗਸ਼ਤ ਕਰ ਰਹੇ ਹਨ। ਅਮਰੀਕਾ ਪਿਛਲੇ ਕੁਝ ਦਿਨਾਂ ਵਿਚ ਦੋ ਬਾਰ ਦੱਖਣੀ ਚੀਨ ਸਾਗਰ ਵਿਚ ਅਭਿਆਸ ਕਰ ਚੁੱਕਾ ਹੈ। ਪਿਛਲੇ ਦਿਨੀਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਸ ਇਲਾਕੇ ਵਿਚ ਜ਼ਿਆਦਾਤਰ ਚੀਨ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀਕਿ ਅਮਰੀਕਾ ਚੀਨ ਨੂੰ ਇਸ ਸਮੁੰਦਰੀ ਖੇਤਰ ਨੂੰ ਆਪਣੇ ਸਮੁੰਦਰੀ ਸਾਮਰਾਜ ਦੀ ਤਰ੍ਹਾਂ ਵਰਤਣ ਨਹੀਂ ਦੇਵੇਗਾ। ਉੱਧਰ ਚੀਨ ਨੇ ਦਾਅਵਾ ਕੀਤਾ ਹੈ ਕਿ ਦੱਖਣੀ ਚੀਨ ਸਾਗਰ 'ਤੇ ਉਸ ਦੀ ਨਿਰਵਿਵਾਦ ਪ੍ਰਭੂਸੱਤਾ ਹੈ।