ਆਸਟ੍ਰੇਲੀਆ ਸਰਕਾਰ ਵੱਲੋਂ ਨਾਗਰਿਕਤਾ ਟੈਸਟ ''ਚ ਤਬਦੀਲੀ

Monday, Aug 31, 2020 - 06:10 PM (IST)

ਆਸਟ੍ਰੇਲੀਆ ਸਰਕਾਰ ਵੱਲੋਂ ਨਾਗਰਿਕਤਾ ਟੈਸਟ ''ਚ ਤਬਦੀਲੀ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆਈ ਸੰਘੀ ਸਰਕਾਰ ਵੱਲੋਂ ਦੇਸ਼ ਦੀਆਂ ਸਮਾਜਿਕ ਕਦਰਾਂ ਕੀਮਤਾਂ ਦੀ ਸਾਂਝ ਨੂੰ ਵਧੇਰੇ ਮਜ਼ਬੂਤੀ ਪ੍ਰਦਾਨ ਕਰਨ ਹਿੱਤ ਆਸਟ੍ਰੇਲੀਆਈ ਨਾਗਰਿਕਤਾ ਟੈਸਟ ਲਈ ਨਵੇਂ ਪ੍ਰਸ਼ਨ ਅਤੇ ਅੰਗਰੇਜ਼ੀ ਭਾਸ਼ਾ ਸਿਖਲਾਈ ਦੇ ਪ੍ਰੋਗਰਾਮ ‘ਚ ਤਬਦੀਲੀ ਕੀਤੀ ਗਈ ਹੈ। ਗੌਰਤਲਬ ਹੈ ਕਿ ਨਵੀਆਂ ਤਬਦੀਲੀਆਂ ਦੇ ਨਾਲ ਮੌਰੀਸਨ ਸਰਕਾਰ ਦੇਸ਼ ਦੇ ਕਾਨੂੰਨ, ਬਹੁ-ਸੱਭਿਆਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਸਮਰਥਨ ਕਰਦਿਆਂ ਲੋਕਾਈ ਦੇ ਉੱਜਲ ਭਵਿੱਖ ‘ਚ ਉਸਾਰੂ ਯੋਗਦਾਨ ਪਾਉਣਾ ਚਾਹੁੰਦੀ ਹੈ। 

ਸਰਕਾਰ ਦੇ ਇਮੀਗਰੇਸ਼ਨ ਤੇ ਸਿਟੀਜਨਸ਼ਿਪ ਵਿਭਾਗ ਦੇ ਕਾਰਜਕਾਰੀ ਮੰਤਰੀ ਐਲਨ ਟੱਜ ਨੇ ਆਸਟ੍ਰੇਲੀਆ 'ਚ ਲੱਗੀਆਂ ਜੰਗਲ਼ੀ ਅੱਗਾਂ ਅਤੇ ਕੋਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਭਾਈਚਾਰਿਆਂ ਵੱਲੋਂ ਮਨੁੱਖਤਾ ਬਾਬਤ ਕੀਤੀਆਂ ਪਹਿਲ ਕਦਮੀਆਂ ਦੀ ਸ਼ਲਾਘਾ ਕੀਤੀ ਹੈ।ਮੰਤਰੀ ਟੱਜ ਨੇ ਹੋਰ ਧਰਮਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ‘ਤੇ ਸਿੱਖ ਭਾਈਚਾਰੇ ਦੇ ਸੇਵਾਦਾਰਾਂ (ਵਾਲੰਟੀਅਰਜ਼) ਦੀਆਂ ਕੋਸ਼ਿਸ਼ਾਂ ਨੂੰ ਪਛਾਣਿਆ, ਜਿਨ੍ਹਾਂ ਨੇ ਸਖ਼ਤ ਤਾਲਾਬੰਦੀ ਨਿਯਮਾਂ ਦੇ ਚੱਲਦਿਆਂ ਵੀ ਇਹਨਾਂ ਤ੍ਰਾਸਦੀਆਂ ‘ਚ ਲੋਕਾਂ ਨੂੰ ਮੁਫ਼ਤ ਭੋਜਨ (ਲੰਗਰ) ਮੁਹੱਈਆ ਕਰਵਾਇਆ ਹੈ। 

ਮੰਤਰੀ ਟੱਜ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਪ੍ਰਵਾਸੀ ਅੰਗਰੇਜ਼ੀ ਭਾਸ਼ਾ ਨਹੀਂ ਬੋਲ ਸਕਦੇ, ਉਨ੍ਹਾਂ ਨੂੰ ਅਰਬਾਂ ਡਾਲਰ ਦੇ ਐਡਲਟ ਮਾਈਗ੍ਰਾਂਟ ਇੰਗਲਿਸ਼ ਪ੍ਰੋਗਰਾਮ (ਏ.ਐੱਮ.ਈ.ਪੀ.) ਦੀ ਨਿਗਰਾਨੀ ਵਿਚ ਬਿਨਾਂ ਰੁਕਾਵਟ ਮੁਫ਼ਤ ਭਾਸ਼ਾ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਇਸ ਸਮੇਂ 510 ਘੰਟੇ ਮੁਫ਼ਤ ਟਿਊਸ਼ਨ ਦੀ ਪੇਸ਼ਕਸ਼ ਕਰਦਾ ਹੈ ਅਤੇ ਪੰਜ ਸਾਲ ਦੇ ਅੰਦਰ-ਅੰਦਰ ਪੂਰਾ ਕਰਨ ਦੀ ਸਹੂਲਤ ਹੋਵੇਗੀ।


author

Vandana

Content Editor

Related News