ਆਸਟ੍ਰੇਲੀਆਈ ਅੰਕੜਾ ਵਿਭਾਗ ਨੇ ਮਰਦਮਸ਼ੁਮਾਰੀ ਦੇ ਨਤੀਜੇ ਕੀਤੇ ਜਾਰੀ, ਜਾਣੋ ਭਾਰਤੀਆਂ ਦੀ ਗਿਣਤੀ

06/28/2017 2:50:43 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਆਸਟਰੇਲੀਆਈ ਅੰਕੜਾ ਵਿਭਾਗ ਵਲੋਂ ਬੀਤੇ ਸਾਲ ਅਗਸਤ ਮਹੀਨੇ 'ਚ ਕਰਵਾਈ ਗਈ ਮਰਦਮਸ਼ੁਮਾਰੀ ਦੇ ਨਤੀਜੇ ਜਨਤਕ ਤੌਰ 'ਤੇ ਐਲਾਨ ਕਰ ਦਿੱਤੇ ਗਏ ਹਨ। ਕੌਮੀ ਪੱਧਰ 'ਤੇ ਕਰਵਾਈ ਗਈ ਇਸ ਜਨਗਣਨਾ ਦੇ ਆਧਾਰ 'ਤੇ ਦੇਸ਼ 'ਚ ਰਹਿ ਰਹੇ ਵੱਖ-ਵੱਖ ਭਾਈਚਾਰਿਆਂ, ਧਰਮਾਂ, ਭਾਸ਼ਾਵਾਂ, ਕੌਮਾਂ ਦੀ ਗਿਣਤੀ ਆਦਿ ਤੱਥਾਂ ਦੀ ਪੜਚੋਲ ਕੀਤੀ ਗਈ। ਅੰਕੜਿਆਂ ਮੁਤਾਬਕ 9 ਅਗਸਤ 2016 ਦੀ ਰਾਤ ਨੂੰ ਆਸਟਰੇਲੀਆ ਦੀ ਕੁੱਲ ਆਬਾਦੀ 23,401,892 ਤੋਂ ਵਧ ਦਰਜ ਕੀਤੀ ਗਈ, ਜਿਸ 'ਚ ਔਰਤਾਂ ਦੀ ਗਿਣਤੀ 50.7 ਫੀਸਦੀ ਅਤੇ ਪੁਰਸ਼ਾਂ ਦੀ 49.3 ਫੀਸਦੀ ਹੈ। ਹੋਰ ਦੇਸ਼ਾਂ 'ਚ ਜਨਮ ਲੈ ਕੇ ਆਸਟਰੇਲੀਆ 'ਚ ਪ੍ਰਵਾਸੀਆਂ ਵਜੋਂ ਵਿਚਰ ਰਹੇ ਹੋਰ ਲੋਕਾਂ 'ਚ ਇੰਗਲੈਂਡ, ਨਿਊਜ਼ੀਲੈਂਡ, ਚੀਨ ਤੋਂ ਬਾਅਦ ਭਾਰਤੀਆਂ ਦੀ ਗਿਣਤੀ 455,389 ਹੈ, ਜੋ ਕਿ ਕੁੱਲ ਆਬਾਦੀ ਦਾ 1.9 ਫੀਸਦੀ ਹਿੱਸਾ ਬਣਦੀ ਹੈ।

ਆਸਟਰੇਲੀਆਈ ਘਰਾਂ 'ਚ 300 ਤੋਂ ਵਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਿੰਦੀ ਭਾਸ਼ਾ ਨੂੰ 1,59,352 ਲੋਕ ਘਰਾਂ 'ਚ ਬੋਲਦੇ ਹਨ, ਜਦਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,32,496 ਹੈ। ਪਿਛਲੀ ਜਨਗਣਨਾ ਨਾਲੋਂ 0.6 ਫੀਸਦੀ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਆਸਟਰੇਲੀਆਈ ਘਰਾਂ ਵਿਚ ਆਮ ਬੋਲ-ਚਾਲ ਵਜੋਂ ਜਾਣੀ ਜਾਂਦੀ ਸਿਖਰਲੀਆਂ ਦਸ ਭਾਸ਼ਾਵਾਂ 'ਚ ਸ਼ੁਮਾਰ ਹੈ ਅਤੇ ਇਹ ਬੋਲੀ ਆਸਟਰੇਲੀਆ ਭਰ 'ਚ ਤੇਜ਼ੀ ਨਾਲ ਵਿਕਸਿਤ ਹੋਣ ਵਾਲੀਆਂ ਭਾਸ਼ਾਵਾਂ ਵਿਚੋਂ ਇਕ ਹੈ।

ਆਸਟਰੇਲੀਆ ਵਿਚ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਜਦਕਿ ਇਸਲਾਮ ਅਤੇ ਬੁੱਧ ਧਰਮ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਜਨਗਣਨਾ ਦੌਰਾਨ 440,300 ਲੋਕਾਂ ਨੇ ਆਪਣਾ ਧਰਮ ਹਿੰਦੂ ਦੱਸਿਆ, ਜਦਕਿ 125,900 ਲੋਕਾਂ ਨੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿਚ ਆਪਣੀ ਰਾਏ ਸ਼ੁਮਾਰ ਕੀਤੀ ਹੈ। ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਨੇ ਵੀ ਵੱਡੀ ਗਿਣਤੀ 'ਚ ਆਪਣਾ ਪੱਖ ਦਰਜ ਕਰਵਾਇਆ ਹੈ। ਆਸਟਰੇਲੀਆ ਭਰ ਵਿਚ ਕੁੱਲ 1,32,496 ਲੋਕ ਪੰਜਾਬੀ ਪਿਛੋਕੜ ਨਾਲ ਸੰਬੰਧਤ ਹਨ। ਇਸ ਜਨਗਣਨਾ ਵਿਚ ਆਸਟਰੇਲੀਆਈ ਮੂਲ ਵਾਸੀਆਂ, ਵੱਖ ਵੱਖ ਸੂਬਿਆਂ ਵਿਚ ਰਹਿਣ ਵਾਲੇ ਲੋਕਾਂ ਦਾ ਆਮਦਨ ਪੱਧਰ, ਕਿਰਾਏ ਅਤੇ ਖਰੀਦੇ ਹੋਏ ਘਰਾਂ ਦਾ ਵੇਰਵਾ, ਔਸਤ ਉਮਰ ਅਤੇ ਆਪਸੀ ਰਿਸ਼ਤਿਆਂ 'ਚ ਇਕਸਾਰਤਾ ਦੇ ਤੱਥਾਂ ਦਾ ਵੀ ਮੁਲਾਂਕਣ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਪਛਾਣ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਹਰ ਪੰਜਵੇਂ ਸਾਲ ਹੋਣ ਵਾਲੀ ਇਸ ਮਰਦਮਸ਼ੁਮਾਰੀ ਤੋਂ ਬਾਅਦ ਮਿਲਣ ਵਾਲੇ ਅੰਕੜਿਆਂ ਦੇ ਆਧਾਰ 'ਤੇ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ।


Related News