ਆਸਟ੍ਰੇਲੀਆਈ ਫੌਜ 39 ਗੈਰ ਕਾਨੂੰਨੀ ਕਤਲ ''ਚ ਸ਼ਾਮਲ : ਆਸਟ੍ਰੇਲੀਆਈ ਡਿਫੈਂਸ ਮੁਖੀ
Thursday, Nov 19, 2020 - 05:52 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆਈ ਡਿਫੈਂਸ ਮੁਖੀ ਐਂਗਸ ਕੈਂਪਬਲ ਨੇ ਆਪਣੀ ਪੜਤਾਲੀਆ ਰਿਪੋਰਟ ਨਸ਼ਰ ਕਰਦਿਆਂ ਮੰਨਿਆ ਹੈ ਕਿ ਸਾਲ 2005 ਤੋਂ 2016 ਵਿਚ ਅਫ਼ਗਾਨਿਸਤਾਨ ਵਿਚ ਲੜੀ ਗਈ ਲੜਾਈ ਦੌਰਾਨ ਆਸਟ੍ਰੇਲੀਆਈ ਫੌਜਾਂ ਨੇ ਹਥਿਆਰਬੰਦ ਲੜਾਈ ਦੇ ਅੰਤਰ-ਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦਿਆਂ, ਅਫ਼ਗਾਨਿਸਤਾਨ ਵਿਚ ਘੱਟੋ ਘੱਟ 39 ਕਤਲ ਕੀਤੇ ਅਤੇ ਹੋਰ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕੀਤੀਆਂ। ਪੜਤਾਲੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਸਟਿਸ ਪੌਲ ਬੈਰੇਟਨ ਨੇ ਆਪਣੀ ਚਾਰ ਸਾਲਾਂ ਦੀ ਪੜਤਾਲ ਦੌਰਾਨ ਘੱਟੋ ਘੱਟ ਵੀ 400 ਗਵਾਹਾਂ ਦੇ ਬਿਆਨ ਦਰਜ ਕੀਤੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਦਸਤਾਵੇਜ਼ ਖੰਘਾਲੇ ਅਤੇ ਇਹ ਰਿਪੋਰਟ ਤਿਆਰ ਕੀਤੀ ਹੈ।
ਜਸਟਿਸ ਨੇ ਦਰਸਾਇਆ ਹੈ ਕਿ ਉਨ੍ਹਾਂ ਨੇ ਘੱਟੋ ਘੱਟ 23 ਅਜਿਹੇ ਮਾਮਲੇ ਪਾਏ ਹਨ ਜਿੱਥੇ ਕਿ ਆਸਟ੍ਰੇਲੀਆਈ ਫੌਜਾਂ ਨੇ ਮਨੁੱਖੀ ਅਧਿਕਾਰਾਂ ਨੂੰ ਵੀ ਦਰ ਕਿਨਾਰ ਕੀਤਾ ਅਤੇ 39 ਅਫਗਾਨੀਆਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ ਅਤੇ ਉਹ ਵੀ ਫੌਜੀ ਅਤੇ ਅੰਤਰ-ਰਾਸ਼ਟਰੀ ਹਥਿਆਰਬੰਧ ਕਾਨੂੰਨਾਂ ਦੀ ਉਲੰਘਣਾ ਕਰਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਹੋਰ ਅਜਿਹੇ ਮਾਮਲੇ ਵੀ ਪਾਏ ਜਿੱਥੇ ਕਿ ਆਸਟ੍ਰੇਲੀਆਈ ਫੌਜਾਂ ਨੇ ਕੈਦੀਆਂ ਨਾਲ ਹੱਦ ਦਰਜੇ ਦੇ ਜ਼ਾਲਮਾਨਾ ਕਾਰਨਾਮੇ ਕੀਤੇ। ਕੁਝ ਅਫ਼ਗਾਨ ਨਾਗਰਿਕ ਮਾਰੇ ਗਏ ਜੋ ਕਿ ਲੜਾਈ ਦਾ ਹਿੱਸਾ ਵੀ ਨਹੀਂ ਸਨ ਅਤੇ ਜ਼ਿਆਦਾਤਰ ਨੂੰ ਲੜਾਈ ਦੇ ਬੰਦੀ ਹੋਣ ਦੇ ਬਾਵਜੂਦ ਵੀ ਮਾਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਅੱਤਵਾਦੀ ਸੰਗਠਨ ਜੈਸ਼ ਦੀ ਫਰਾਂਸ ਦੇ ਰਾਸ਼ਟਰਪਤੀ ਨੂੰ ਧਮਕੀ, ਅਗਲਾ ਨਿਸ਼ਾਨਾ ਤੁਹਾਡੇ ਵਰਗੇ ਕਾਫਿਰ
ਪੜਤਾਲ ਵਿਚ 25 ਅਜਿਹੇ ਮੌਜੂਦਾ ਅਤੇ ਸਾਬਕਾ ਡਿਫੈਂਸ ਫੋਰਸ ਦੇ ਫੌਜੀਆਂ ਨੂੰ ਉਕਤ ਜੁਰਮਾਂ ਦਾ ਦੋਸ਼ੀ ਪਾਇਆ ਗਿਆ ਹੈ। ਉਕਤ ਲੜਾਈ ਦਾ ਸਮਾਂ 2005 ਤੋਂ 2016 ਦਾ ਦਰਸਾਇਆ ਗਿਆ ਹੈ ਅਤੇ ਸਭ ਤੋਂ ਜ਼ਿਆਦਾ ਜੁਰਮਾਂ ਦੀ ਗੱਲ 2009 ਤੋਂ 2013 ਤੱਕ ਦੇ ਸਮੇਂ ਦੀ ਮੰਨੀ ਗਈ ਹੈ। ਜਸਟਿਨ ਬੈਰੇਟਨ ਨੇ ਮੰਨਿਆ ਵੀ ਹੈ ਕਿ ਹਾਲੇ ਹੋਰ ਵੀ ਪੜਤਾਲ ਕੀਤੀ ਜਾ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਹਾਲੇ ਵੀ ਸਾਹਮਣੇ ਆ ਰਹੀਆਂ ਹਨ ਅਤੇ ਉਨ੍ਹਾਂ ਵਿਚ ਵੀ ਸਬੂਤਾਂ ਦੀ ਘਾਟ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਮੁਕਾਬਲੇ ਫ਼ਰਜ਼ੀ ਵੀ ਦਿਖਾਏ ਗਏ ਹਨ ਅਤੇ ਮਾਰੇ ਗਏ ਲੋਕਾਂ ਦੇ ਅੱਗੇ ਫੌਜੀ ਸਾਜੋ ਸਾਮਾਨ ਬਾਅਦ ਵਿਚ ਸੁੱਟਿਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਵੀ ਲੜਾਈ ਦਾ ਹਿੱਸਾ ਅਤੇ ਦੁਸ਼ਮਣ ਫੌਜੀ ਹੀ ਮੰਨਿਆ ਜਾ ਸਕੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਟਰੋਲ ਕਮਾਂਡਰਾਂ ਵੱਲੋਂ ਆਪਣੇ ਮਤਾਹਿਤ ਸਿਪਾਹੀਆਂ ਨੂੰ ਵੀ ਗੋਲੀ ਚਲਾ ਕੇ ਲੋਕਾਂ ਨੂੰ ਮਾਰਨ ਦੇ ਹੁਕਮ ਦਿੱਤੇ ਜਾਂਦੇ ਸਨ ਅਤੇ ਕਿਹਾ ਜਾਂਦਾ ਸੀ ਕਿ ਇਹ ਉਨ੍ਹਾਂ ਦੀ ਸਿਖਲਾਈ ਦਾ ਹੀ ਹਿੱਸਾ ਹੈ ਅਤੇ ਇਸ ਨੂੰ ‘ਬਲੱਡਿੰਗ’ ਦਾ ਨਾਮ ਦਿੱਤਾ ਜਾਂਦਾ ਸੀ। ਅਜਿਹੇ ਮਾਮਲਿਆਂ ਦੀ ਗਿਣਤੀ ਵੀ 23 ਹੈ ਅਤੇ ਇਸ ਵਿਚ 19 ਸ਼ਖ਼ਸੀਅਤਾਂ ਦੇ ਨਾਮ ਸ਼ਾਮਲ ਹਨ। ਸਜ਼ਾ ਦੇ ਤੌਰ 'ਤੇ ਉਪਰ ਅਜਿਹੇ ਮੌਜੂਦਾ ਫੌਜੀਆਂ ਉਪਰ ਕਾਰਵਾਈ ਕੀਤੀ ਜਾਵੇਗੀ। ਕਈਆਂ ਨੂੰ ਨਿਜੀ ਅਤੇ ਗਰੁੱਪ ਦੇ ਤੌਰ ਉਪਰ ਦਿੱਤੇ ਗਏ ਮੈਡਲ ਅਤੇ ਮਾਣ-ਸਤਿਕਾਰ ਵੀ ਵਾਪਸ ਲਏ ਜਾਣਗੇ।