ਆਸਟ੍ਰੇਲੀਆ ਦੀ ਜੰਗਲੀ ਅੱਗ 'ਚ ਅਰਬਾਂ ਪ੍ਰਜਾਤੀਆਂ ਤਕਰੀਬਨ ਖਤਮ

01/19/2020 11:34:46 AM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਵਿਚ ਤਕਰੀਬਨ ਅਰਬਾਂ ਪ੍ਰਜਾਤੀਆਂ ਸੜ ਕੇ ਨਸ਼ਟ ਹੋ ਚੁੱਕੀਆਂ ਹਨ। ਇਹ ਦਾਅਵਾ ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਦੇ ਸਕੂਲ ਆਫ ਲਾਈਫ ਐਂਡ ਇਨਵਾਇਰਮੈਂਟ ਸਾਇੰਸੇਜ ਵਿਚ ਭੌਤਿਕ ਵਾਤਾਵਰਨ (Terrestrial Ecology) ਦੇ ਪ੍ਰੋਫੈਸਰ ਅਤੇ ਆਸਟ੍ਰੇਲੀਅਨ ਅਕੈਡਮੀ ਆਫ ਸਾਈਂਸ ਦੇ ਫੇਲੋ ਕ੍ਰਿਸਟੋਫਰ ਡਿਕਮੈਨ ਨੇ ਕੀਤਾ ਹੈ।ਉਹਨਾਂ ਮੁਤਾਬਕ ਇਸ ਅੱਗ ਨਾਲ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਸਹੀ ਅੰਕੜੇ ਹਾਸਲ ਨਹੀਂ ਹਨ। ਇਕ ਵੈਬਸਾਈਟ Times Evoke ਨਾਲ ਗੱਲਬਾਤ ਵਿਚ ਡਿਕਮੈਨ ਨੇ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਕਿ ਜਲਵਾਯੂ ਤਬਦੀਲੀ ਕਾਰਨ ਇਨਸਾਨਾਂ 'ਤੇ ਜਿਹੜਾ ਅਸਰ ਪਿਆ ਹੈ ਉਸ ਦਾ ਅਸਰ ਕਿਤੇ ਜ਼ਿਆਦਾ ਖਤਰਨਾਕ ਹੈ। 

80,000 ਕੋਆਲਾ ਅੱਗ ਵਿਚ ਖਤਮ
ਡਿਕਮੈਨ ਨੇ ਕਿਹਾ ਕਿ ਮੈਂ ਹੁਣ ਵੀ ਇਸ 'ਤੇ ਕੰਮ ਕਰ ਰਿਹਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਸੈਂਕੜੇ ਅਰਬਾਂ ਪ੍ਰਜਾਤੀਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਵਿਚ ਸ਼ੱਕ ਵਾਲੀ ਕੋਈ ਗੱਲ ਨਹੀਂ ਕਿ ਨਿਊ ਸਾਊਥ ਵੇਲਜ਼ ਵਿਚ 80,000 ਕੋਆਲਾ ਅੱਗ ਵਿਚ ਸੜ ਕੇ ਖਤਮ ਹੋ ਗਏ । ਇਹ ਅੰਕੜੇ ਹੋਰ ਵੀ ਵੱਧ ਸਕਦੇ ਹਨ। ਪੌਦਿਆਂ ਦੀ ਲੰਬੀ ਰੇਂਜ ਹੈ ਜਿਵੇਂ ਆਰਚਿਡ ਦੀਆਂ ਖਾਸ ਪ੍ਰਜਾਤੀਆਂ ਹਨ ਜੋ ਸਿਰਫ ਛੋਟੇ-ਛੋਟੇ ਇਲਾਕਿਆਂ ਵਿਚ ਹੀ ਪਾਈਆਂ ਜਾਂਦੀਆਂ ਹਨ ਅਤੇ ਇਹ ਸਾਰੇ ਅੱਗ ਵਿਚ ਖਤਮ ਹੋ ਗਏ।

ਸਥਿਤੀ ਲਈ ਜਲਵਾਯੂ ਤਬਦੀਲੀ ਵੱਡਾ ਕਾਰਨ
ਇਸ ਜੰਗਲੀ ਅੱਗ ਵਿਚ ਅਜਿਹੀਆਂ ਪ੍ਰਜਾਤੀਆਂ ਖਤਮ ਹੋਈਆਂ ਹਨ ਜੋ ਸਿਰਫ ਆਸਟ੍ਰੇਲੀਆ ਵਿਚ ਹੀ ਪਾਈਆਂ ਜਾਂਦੀਆਂ ਸਨ। ਇਹਨਾਂ ਦੇ ਖਤਮ ਹੋਣ ਦਾ ਮਤਲਬ ਇਹ ਹੈ ਕਿ ਗਲੋਬਲ ਨੁਕਸਾਨ ਹੈ। ਕੁਦਰਤ ਵਿਚ ਇਹਨਾਂ ਦਾ ਮਹੱਤਵਪੂਰਨ ਯੋਗਦਾਨ ਸੀ। ਇਹਨਾਂ ਦੇ ਖਤਮ ਹੋਣ ਨਾਲ ਈਕੋਸਿਸਟਮ 'ਤੇ ਬੁਰਾ ਅਸਰ ਪਵੇਗਾ।  ਡਿਕਮੈਨ ਮੁਤਾਬਕ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਮੁਲਾਂਕਣ ਕਰ ਰਹੇ ਸੀ ਕਿ ਜਲਵਾਯੂ ਤਬਦੀਲੀ ਕਾਰਨ ਦੱਖਣੀ ਆਸਟ੍ਰੇਲੀਆ ਵਿਚ ਗਰਮੀ ਵੱਧਦੀ ਜਾ ਰਹੀ ਹੈ ਅਤੇ ਨਮੀ ਖਤਮ ਹੋ ਰਹੀ ਹੈ।  

ਹਰੇਕ ਜਗ੍ਹਾ 'ਤੇ ਜ਼ਿਆਦਾ ਠੰਡ ਜਾਂ ਜ਼ਿਆਦਾ ਗਰਮ ਮੌਸਮ ਦੇ ਨਾਲ ਸੋਕਾ ਅਤੇ ਅਚਾਨਕ ਮੀਂਹ ਜਿਹੇ ਹਾਲਾਤ ਦੇਖਣ ਵਿਚ ਮਿਲੇ ਹਨ। 2019 ਵਿਚ ਆਸਟ੍ਰੇਲੀਆ ਵਿਚ ਸਭ ਤੋਂ ਜ਼ਿਆਦਾ ਗਰਮੀ ਅਤੇ ਖੁਸ਼ਕ ਮੌਸਮ ਰਿਕਾਰਡ ਕੀਤਾ ਗਿਆ। 2018 ਵਿਚ ਵੀ ਸੋਕਾ ਪਿਆ ਜੋ 2019 ਵਿਚ ਵੀ ਕਾਇਮ ਰਿਹਾ। ਇਸ ਕਾਰਨ ਜੰਗਲਾਂ ਵਿਚ ਅੱਗ ਆਸਾਨੀ ਨਾਲ ਲੱਗੀ। ਇਸ ਸਥਿਤੀ ਦੀ ਭਵਿੱਖਬਾਣੀ 2008 ਵਿਚ ਹੀ ਕਰ ਦਿੱਤੀ ਗਈ ਸੀ। 


Vandana

Content Editor

Related News