ਆਸਟ੍ਰੇਲੀਆ : ਤੇਜ਼ ਰਫਤਾਰ ਗੱਡੀ ਨੇ ਦਰੜੇ ਪੈਦਲ ਯਾਤਰੀ, ਦੋ ਬੱਚਿਆਂ ਦੀ ਮੌਤ
Tuesday, Jan 05, 2021 - 02:44 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਅੱਜ ਭਾਵ ਮੰਗਲਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਅੱਜ ਦੁਪਹਿਰ ਤੇਜ਼ ਗਤੀ ਨਾਲ ਜਾ ਰਹੀ ਇਕ ਗੂੜੇ ਮੈਰੂਨ ਰੰਗ ਦੀ ਸੇਡਾਨ ਕਾਰ ਨੇ ਪੈਦਲ ਯਾਤਰੀਆਂ ਦੇ ਸਮੂਹ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਹਾਦਸੇ ਦੇ ਬਾਅਦ ਕਾਰ ਦਾ ਡਰਾਈਵਰ ਘਟਨਾ ਸਥਲ ਤੋਂ ਫ਼ਰਾਰ ਹੋ ਗਿਆ।
ਐਨ.ਐਸ.ਡਬਲਊ. ਪੁਲਸ ਨੇ ਦੱਸਿਆ ਕਿ ਚਾਰ ਬੱਚਿਆਂ ਅਤੇ ਇੱਕ ਬਾਲਗ ਨੂੰ ਵੈਲਿੰਗਟਨ ਵਿਚ ਵਾਰਨ ਸਟ੍ਰੀਟ 'ਤੇ ਸਿਡਨੀ ਤੋਂ ਲਗਭਗ 350 ਕਿਲੋਮੀਟਰ ਦੂਰ ਉੱਤਰ-ਪੱਛਮ ਵਿਚ ਡੁਬੋ ਨੇੜੇ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਐਂਬੂਲੈਂਸ ਪੈਰਾਮੈਡੀਕਸ ਨੇ ਇੱਕ ਬਾਲਗ ਅਤੇ ਚਾਰ ਬੱਚਿਆਂ ਦਾ ਘਟਨਾ ਸਥਾਨ 'ਤੇ ਇਲਾਜ ਕੀਤਾ, ਭਾਵੇਂਕਿ ਦੋ ਬੱਚਿਆਂ ਦੀ ਬਾਅਦ ਵਿਚ ਮੌਤ ਹੋ ਗਈ। ਐਨ.ਐਸ.ਡਬਲਊ. ਐਂਬੂਲੈਂਸ ਦੇ ਸੁਪਰਡੈਂਟ ਐਂਡਰੀਊ ਡੀਗੈਬ੍ਰਿਏਲ ਨੇ ਕਿਹਾ ਕਿ ਪੈਰਾ ਮੈਡੀਕਲ ਅਧਿਕਾਰੀਆਂ ਦਾ ਸਾਹਮਣਾ ਇਕ ਦੁਖਦਾਈ ਦ੍ਰਿਸ਼ ਨਾਲ ਹੋਇਆ ਸੀ।ਡੀਗੈਬ੍ਰਿਏਲ ਨੇ ਦੱਸਿਆ ਕਿ ਹੈਲੀਕਾਪਟਰ ਜ਼ਰੀਏ 13 ਐਂਬੂਲੈਂਸ ਚਾਲਕਾਂ ਅਤੇ ਚਾਰ ਮਾਹਰ ਮੈਡੀਕਲ ਟੀਮਾਂ ਨੂੰ ਰਵਾਨਾ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਸਿਡਨੀ 'ਚ 4 ਨਵੇਂ ਮਾਮਲੇ, ਜਾਣੋ ਦੇਸ਼ ਦੀ ਤਾਜ਼ਾ ਸਥਿਤੀ
ਘਟਨਾਸਥਲ 'ਤੇ ਇਲਾਜ ਅਧੀਨ ਬਾਲਗ ਅਤੇ ਦੋ ਬਚੇ ਬੱਚਿਆਂ ਨੂੰ ਸਿਡਨੀ ਦੇ ਵੱਖ-ਵੱਖ ਹਸਪਤਾਲਾਂ' ਚ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ ਇਕ ਬੱਚੇ ਦੀ ਹਾਲਤ ਗੰਭੀਰ ਹੈ | ਪੁਲਸ ਡਰਾਈਵਰ ਦੀ ਭਾਲ ਕਰ ਰਹੀ ਹੈ। ਐਨ.ਐਸ.ਡਬਲਊ. ਪੁਲਸ ਨੇ ਇੱਕ ਬਿਆਨ ਵਿਚ ਕਿਹਾ, ''ਓਰਾਨਾ ਮਿਡ-ਵੈਸਟਰਨ ਪੁਲਸ ਜ਼ਿਲੇ ਨਾਲ ਜੁੜੇ ਅਧਿਕਾਰੀਆਂ ਨੇ ਇੱਕ ਅਪਰਾਧ ਦਾ ਦ੍ਰਿਸ਼ ਸਥਾਪਿਤ ਕੀਤਾ ਹੈ, ਜਿਸ ਦੀ ਜਾਂਚ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਦੀ ਮਾਹਰ ਪੁਲਸ ਕਰੇਗੀ।'' ਪੁਲਸ ਨੂੰ ਦੱਸਿਆ ਗਿਆ ਹੈ ਕਿ ਡਰਾਈਵਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ਤੋਂ ਭੱਜ ਗਿਆ ਸੀ।ਇਸ ਮਾਮਲੇ ਦੀ ਪੁੱਛਗਿੱਛ ਜਾਰੀ ਹੈ ਅਤੇ ਜਿਸ ਕਿਸੇ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਹੈ, ਉਸ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।