ਆਸਟ੍ਰੇਲੀਆ 'ਚ ਮੌਸਮ ਨੇ ਬਦਲਿਆ ਮਿਜਾਜ਼, ਹੱਡ ਚੀਰਵੀਂ ਠੰਡ ਨੇ ਛੇੜੀ ਕੰਬਣੀ

Wednesday, Jun 05, 2019 - 10:50 AM (IST)

ਆਸਟ੍ਰੇਲੀਆ 'ਚ ਮੌਸਮ ਨੇ ਬਦਲਿਆ ਮਿਜਾਜ਼, ਹੱਡ ਚੀਰਵੀਂ ਠੰਡ ਨੇ ਛੇੜੀ ਕੰਬਣੀ

ਸਿਡਨੀ— ਇਕ ਪਾਸੇ ਭਾਰਤ 'ਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਤਾਂ ਦੂਜੇ ਪਾਸੇ ਆਸਟ੍ਰੇਲੀਆ 'ਚ ਠੰਡ ਨੇ ਦਸਤਕ ਦਿੱਤੀ ਹੋਈ ਹੈ। ਸਿਡਨੀ ਅਤੇ ਨੇੜਲੇ ਖੇਤਰਾਂ 'ਚ ਮੌਸਮ ਨੇ ਅਜੀਬ ਜਿਹੀ ਕਰਵਟ ਲਈ। ਇੱਥੇ ਗੜੇ ਅਤੇ ਭਾਰੀ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤ ਹੋ ਗਿਆ। ਦੇਸ਼ ਦੇ ਕੁੱਝ ਹਿੱਸਿਆਂ 'ਚ ਭਾਰੀ ਬਰਫਬਾਰੀ ਵੀ ਹੋ ਰਹੀ ਹੈ। ਆਸਟ੍ਰੇਲੀਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ 2015 ਦੇ ਬਾਅਦ ਤੋਂ ਇਹ ਹੁਣ ਤਕ ਦੀ ਸਭ ਤੋਂ ਵਧੇਰੇ ਬਰਫਬਾਰੀ ਹੈ। ਆਮ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਘਰਾਂ 'ਚ ਰਹਿਣ। ਇਹ ਅਲਰਟ ਸਿਡਨੀ ਦੇ ਹਜ਼ਾਰ ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲੇ ਲੋਕਾਂ ਲਈ ਕੀਤਾ ਗਿਆ ਹੈ।

ਕੁਈਨਜ਼ਲੈਂਡ 'ਚ ਬਰਫਬਾਰੀ ਹੋਣ ਕਾਰਨ ਕਈ ਇਲਾਕਿਆਂ 'ਚ ਬਹੁਤ ਜ਼ਿਆਦਾ ਠੰਡ ਹੈ। ਇੱਥੇ ਤਾਪਮਾਨ ਮੰਗਲਵਾਰ ਨੂੰ ਬਰਫ ਜੰਮਣ ਦੇ ਪੱਧਰ ਤਕ ਪੁੱਜ ਗਿਆ। ਬਲੂ ਮਾਊਂਟੇਨ ਖੇਤਰ 'ਚ 5 ਸੈਂਟੀਮੀਟਰ ਬਰਫ ਦੀ ਚਾਦਰ ਵਿਛ ਗਈ। ਇੱਥੇ ਆਵਾਜਾਈ ਠੱਪ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇੱਥੇ ਅਗਲੇ 24 ਘੰਟਿਆਂ 'ਚ ਤੇਜ਼ ਹਵਾਵਾਂ ਵਗਣਗੀਆਂ।  ਇਸ ਦੀ ਰਫਤਾਰ 90 ਕਿਲੋਮੀਟਰ ਪ੍ਰਤੀ ਘੰਟੇ ਦੇ ਨੇੜੇ ਹੋ ਸਕਦੀ ਹੈ।

ਵਿਭਾਗ ਮੁਤਾਬਕ ਇਹ ਹਵਾਵਾਂ ਤਟੀ ਗਤੀਵਿਧੀਆਂ ਨੂੰ ਹੋਰ ਖਤਰਨਾਕ ਬਣਾ ਦੇਣਗੀਆਂ। ਸਿਡਨੀ ਹਾਰਬਰ 'ਚ ਸਾਰਾ ਕੰਮਕਾਜ ਰੁਕਿਆ ਹੋਇਆ ਹੈ। ਦੱਸ ਦਈਏ ਕਿ ਆਸਟ੍ਰੇਲੀਆ 'ਚ ਜੂਨ ਮਹੀਨੇ ਸਰਦੀਆਂ ਦਾ ਮੌਸਮ ਆਉਂਦਾ ਹੈ। ਇਸ ਵਾਰ ਸਰਦੀਆਂ ਦੀ ਸ਼ੁਰੂਆਤ 'ਚ ਹੀ ਮੌਸਮ 'ਚ ਅਚਾਨਕ ਬਦਲਾਅ ਆਇਆ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਦੀ ਠੰਡ ਰਿਕਾਰਡ ਤੋੜੇਗੀ। ਆਸਟ੍ਰੇਲੀਆ 'ਚ ਇਸ ਤੋਂ ਪਹਿਲਾਂ ਰਿਕਾਰਡ ਤੋੜ ਗਰਮੀ ਕਾਰਨ ਸੋਕੇ ਵਰਗੇ ਹਾਲਾਤ ਵੀ ਬਣ ਚੁੱਕੇ ਹਨ।


Related News