ਆਸਟ੍ਰੇਲੀਆ ਸਿੱਖ ਖੇਡਾਂ : ਗਿੱਧੇ-ਭੰਗੜੇ ਦੇ ਸੱਭਿਆਚਾਰਕ ਰੰਗ ਨੇ ਬੰਨ੍ਹਿਆ ਮਾਹੌਲ

04/21/2019 9:31:21 AM

ਮੈਲਬੋਰਨ, (ਰਮਨਦੀਪ ਸੋਢੀ, ਮਨਦੀਪ ਸੈਣੀ, ਸੁਰਿੰਦਰ ਖੁਰਦ)- ਮੈਲਬੋਰਨ ਦੇ ਕਰੇਨਬਰਮ ਇਲਾਕੇ ਵਿਚ ਸਥਿਤ ਕੇਸੀ ਸਟੇਡੀਅਮ 'ਚ ਚੱਲ ਰਹੀਆਂ 32ਵੀਆਂ ਸਿੱਖ ਖੇਡਾਂ ਦੇ ਦੂਸਰੇ ਦਿਨ ਉਦਘਾਟਨੀ ਸਮਾਰੋਹ ਹੋਏ ਜਿਸ ਵਿਚ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰੀਊ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਭਾਸ਼ਣ ਦੌਰਾਨ ਪ੍ਰੀਮੀਅਰ ਨੇ ਸਿੱਖ ਖੇਡ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੰਜਾਬੀ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਕੇਸੀ ਸਿਟੀ ਕੌਂਸਲ ਦੀ ਮੇਅਰ ਅਮੈਡ ਸਟੈਪਲਡੇਨ ਅਤੇ ਨਿਊਜ਼ੀਲੈਂਡ ਤੋਂ ਆਏ ਸਿੱਖ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਆਪੋ-ਆਪਣੇ ਭਾਸ਼ਣ ਵਿਚ ਪੰਜਾਬੀ ਭਾਈਚਾਰੇ ਨੂੰ ਇਸ ਉੱਦਮ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। 'ਦੇਹਿ ਸ਼ਿਵਾ ਬਰ ਮੋਹੈ ਇਹੈ' ਸ਼ਬਦ ਤੇ ਪੰਜਾਬੀ ਬੱਚਿਆਂ ਵਲੋਂ ਵੱਖ-ਵੱਖ ਕਲੱਬਾਂ ਦੀ ਪ੍ਰਤੀਨਿਧਤਾ ਕਰਦਿਆਂ ਹੋਇਆਂ ਮਾਰਚਪਾਸਟ ਕੀਤਾ। ਉਪਰੰਤ ਮੈਲਬੋਰਨ ਦੇ ਭੰਗੜਾ ਕਲੱਬਾਂ ਅਤੇ ਬੱਚਿਆਂ ਵਲੋਂ ਗਿੱਧਾ, ਭੰਗੜਾ ਪੇਸ਼ ਕੀਤਾ ਗਿਆ ਜੋ ਕਿ ਸਲਾਹੁਣਯੋਗ ਸੀ।

ਇਸ ਮੌਕੇ ਸਿੱਖਾਂ ਦੇ ਸੁਨਹਿਰੀ ਖਾਸਲਾ ਰਾਜ ਨੂੰ ਰੂਪਮਾਨ ਕਰਦੀ ਕਲਾਕਾਰ ਗੁਰਪ੍ਰੀਤ ਬਠਿੰੰਡਾ ਵਲੋਂ ਲਗਾਈ ਗਈ ਪ੍ਰਦਰਸ਼ਨੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ। ਤੇਜ਼ ਧੁੱਪ ਵਿਚ ਵੀ ਲੋਕਾਂ ਨੇ ਕਬੱਡੀ, ਫੁੱਟਬਾਲ, ਵਾਲੀਵਾਲ, ਦੌੜਾਂ ਆਦਿ ਖੇਡਾਂ ਦਾ ਅਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਂਸਲਾ-ਅਫਜ਼ਾਈ ਵੀ ਕੀਤੀ। ਔਰਤਾਂ ਦੀ ਕੁਰਸੀ ਦੌੜ ਵੀ ਦਿਲਚਸਪ ਹੋ ਨਿੱਬੜੀ। ਮੈਲਬੋਰਨ ਦੇ ਗੁਰਦੁਆਰਾ ਮੀਰੀ-ਪੀਰੀ ਸਾਹਿਬ ਵੱਲੋਂ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਮੁਫਤ ਦਸਤਾਰ ਬੰਨ੍ਹਣ ਦੀ ਸੇਵਾ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਸਤਾਰਾਂ ਵੀ ਦਿੱਤੀਆਂ ਗਈਆਂ। ਗਰਮੀ ਦੇ ਮਾਹੌਲ ਵਿਚ ਵੀ ਪਾਣੀ ਅਤੇ ਗੁਰੂ ਦੇ ਲੰਗਰ ਅਤੁੱਟ ਵਰਤੇ। ਦੁਨੀਆ ਭਰ ਤੋਂ ਸਿੱਖ ਖੇਡਾਂ ਦੀ ਕਵਰੇਜ ਲਈ ਪਹੁੰਚੇ ਮੀਡੀਆ ਕਰਮੀ ਆਪੋ-ਆਪਣੇ ਸਾਧਨਾਂ ਅਨੁਸਾਰ ਇਸ ਮਹਾ ਖੇਡ ਕੁੰਭ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਰਹੇ ਹਨ।


Related News