ਆਸਟ੍ਰੇਲੀਆ ''ਚ ਸੂ ਚੀ ਵਿਰੁੱਧ ਮੁਕੱਦਮਾ ਚਲਾਉਣ ਦੀ ਵਕੀਲਾਂ ਦੀ ਕੋਸ਼ਿਸ਼ ਰੱਦ

03/18/2018 9:33:48 AM

ਸਿਡਨੀ (ਭਾਸ਼ਾ)— ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਚੀ ਨੂੰ ''ਮਨੁੱਖਤਾ ਵਿਰੁੱਧ ਅਪਰਾਧ'' ਲਈ ਜ਼ਿੰਮੇਵਾਰ ਠਹਿਰਾਏ ਜਾਣ ਦੀਆਂ ਕਾਨੂੰਨੀ ਕੋਸ਼ਿਸ਼ਾਂ ਵਿਚ ਆਸਟ੍ਰੇਲੀਆ ਦੇ ਅਟਾਰਨੀ ਜਨਰਲ ਨੇ ਐਤਵਾਰ ਨੂੰ ਕਿਹਾ ਕਿ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਨੇਤਾ ਨੂੰ ਦੇਸ਼ ਵਿਚ ਮੁਕੱਦਮਿਆਂ ਤੋਂ ਛੋਟ ਹਾਸਲ ਹੈ। ਆਸਟ੍ਰੇਲੀਆ ਦੇ ਪੰਜ ਵਕੀਲਾਂ ਦੇ ਇਕ ਸਮੂਹ ਨੇ ਮੈਲਬੌਰਨ ਮਜਿਸਟ੍ਰੇਟ ਅਦਾਲਤ ਵਿਚ ਇਕ ਨਿੱਜੀ ਅਰਜੀ ਦੇ ਕੇ ਘੱਟ ਗਿਣਤੀ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਹੋ ਰਹੇ ਵਿਵਹਾਰ ਲਈ ਸੂ ਚੀ ਵਿਰੁੱਧ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ। ਗੌਰਤਲਬ ਹੈ ਕਿ ਸੂ ਚੀ ਸਿਡਨੀ ਵਿਚ ਆਯੋਜਿਤ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਦੇ ਸੰਮੇਲਨ ਵਿਚ ਭਾਗ ਲੈ ਰਹੀ ਹੈ। 
ਮਿਆਂਮਾਰ ਵੱਲੋਂ ਰਖਾਇਨ ਸੂਬੇ ਵਿਚ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਬੀਤੇ ਛੇ ਮਹੀਨਿਆਂ ਤੋਂ ਚਲਾਈ ਜਾ ਰਹੀ ਮੁਹਿੰਮ ਦੇ ਕਾਰਨ ਭਾਈਚਾਰੇ ਦੇ ਕਰੀਬ 7 ਲੱਖ ਲੋਕ ਦੇਸ਼ ਛੱਡ ਕੇ ਬੰਗਲਾਦੇਸ਼ ਚਲੇ ਗਏ ਹਨ। ਸੰਯੁਕਤ ਰਾਸ਼ਟਰ ਇਸ ਪੂਰੀ ਮੁਹਿੰਮ ਨੂੰ ''ਨਸਲੀ ਸਫਾਈ'' ਦੱਸ ਰਿਹਾ ਹੈ। ਹਾਲਾਂਕਿ ਮਿਆਂਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਸਤ ਵਿਚ ਰੋਹਿੰਗਿਆ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲਿਆਂ 'ਤੇ ਜਵਾਬੀ ਕਾਰਵਾਈ ਕਰ ਰਿਹਾ ਹੈ। ਅਟਾਰਨੀ ਜਨਰਲ ਕ੍ਰਿਸ਼ਚਿਅਨ ਪੋਰਟਰ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਨਾ ਤਾਂ ਸੂ ਚੀ ਦੇ ਵਿਰੁੱਧ ਮੁਕੱਦਮਾ ਚੱਲ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ ਜਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,''ਆਂਗ ਸਾਨ ਸੂ ਚੀ ਨੂੰ ਪੂਰੀ ਤਰ੍ਹਾਂ ਛੋਟ ਪ੍ਰਾਪਤ ਹੈ।'' ਦੇਸ਼ ਦੀ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ 'ਤੇ ਚੁੱਪੀ ਧਾਰਨ ਕਰਨ ਨੂੰ ਲੈ ਕੇ ਪੂਰੀ ਦੁਨੀਆ ਵਿਚ ਸੂ ਚੀ ਦੀ ਸਖਤ ਆਲੋਚਨਾ ਹੋ ਰਹੀ ਹੈ।


Related News