ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ ਨਿੱਤਰਿਆ ਕਿਸਾਨਾਂ ਦੇ ਹੱਕ ''ਚ
Tuesday, Oct 13, 2020 - 04:01 PM (IST)

ਸਿਡਨੀ ,(ਸਨੀ ਚਾਂਦਪੁਰ)- ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਵਿਚ ਆਸਟ੍ਰੇਲੀਆ ਦੇ ਬਲੈਕਟਾਊਨ ਸ਼ਹਿਰ ਵਿਚ ਪੰਜਾਬੀ ਭਾਈਚਾਰੇ ਵੱਲੋਂ ਇਕ ਪ੍ਰੋਗ੍ਰਾਮ ਕਰਵਾਇਆ ਗਿਆ । ਜਿਸ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਨਾਲ ਡਟ ਕੇ ਖੜ੍ਹੇ ਹੋਣ ਦਾ ਪ੍ਰਣ ਵੀ ਕੀਤਾ ।
ਇਸ ਪ੍ਰੋਗਰਾਮ ਵਿਚ ਸਾਰੀਆਂ ਹੀ ਸੰਸਥਾਵਾਂ ਦੇ ਲੋਕ, ਹਰ ਵਰਗ ਦੇ ਕਿੱਤਾਕਾਰ ਨੌਜਵਾਨ ਬਜ਼ੁਰਗ ਸ਼ਾਮਲ ਹੋਏ । ਇਸ ਮੌਕੇ ਬੁਲਾਰਿਆਂ ਵੱਲੋਂ ਆਪੇ-ਆਪਣੇ ਵਿਚਾਰ ਰੱਖਦਿਆਂ ਕਿਹਾ ਗਿਆ ਕਿ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਹਨ ਜੇਕਰ ਇਸ ਨੂੰ ਹੀ ਤੋੜ੍ਹ ਦਿੱਤਾ ਗਿਆ ਤਾਂ ਦੇਸ਼ ਤਰੱਕੀ ਕਿਸ ਤਰ੍ਹਾਂ ਕਰੇਗਾ । ਕਿਸਾਨਾਂ ਦਾ ਇਸ ਸਮੇਂ ਸਾਥ ਹਰ ਵਰਗ ਨੂੰ ਹੀ ਦੇਣਾ ਚਾਹੀਦਾ ਹੈ ਕਿਉਂਕਿ ਭਾਵੇਂ ਕੋਈ ਕਿੱਤਾ ਸਿੱਧੇ ਜਾਂ ਅਸਿੱਧੇ ਤੌਰ ਤੇ ਹੋਵੇ ਉਹ ਕਿਸਾਨੀ ਨਾਲ ਜੁੜਿਆ ਹੀ ਹੋਇਆ ਹੈ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕਿਸਾਨੀ ਇਸ ਸਮੇਂ ਦਮ ਤੋੜ ਰਹੀ ਹੈ। ਛੋਟੇ ਕਿਸਾਨ ਦੀ ਜ਼ਿੰਦਗੀ ਵਿਚ ਸਿਰਫ ਕਰਜ਼ ਹੀ ਹੈ, ਜੋ ਕਦੀ ਚੁਕਾ ਨਹੀਂ ਹੁੰਦਾ । ਇਸ ਮੌਕੇ ਉਨ੍ਹਾਂ ਇਨ੍ਹਾਂ ਕਾਨੂਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ, ਇਸ ਦਾ ਵਿਰੋਧ ਵੀ ਲਾਜ਼ਮੀ ਹੈ ਤਾਂ ਜੋ ਭਾਰਤ ਸਰਕਾਰ ਇਨ੍ਹਾਂ ਨੂੰ ਵਾਪਸ ਲਵੇ ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਸਾਰੇ ਲੀਡਰ ਸਮਾਜ ਸੇਵਾ ਜਾਂ ਗਾਇਕ ਕਿਸਾਨਾਂ ਦੇ ਨਾਲ ਖੜ੍ਹੇ ਹਨ ਇਹ ਵਧੀਆਂ ਗੱਲ ਹੈ ਪਰ ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਕਿਸਾਨ ਜਥੇਬੰਦੀਆਂ ਦਾ ਸਾਥ ਛੱਡੇਗਾ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਆਉਣ ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ । ਅਸੀਂ ਉਸ ਦਾ ਵਿਰੋਧ ਕਰਾਂਗੇ । ਇਸ ਮੌਕੇ ਅਮਰ ਸਿੰਘ, ਕੁਲਵਿੰਦਰ ਸਿੰਘ ਬਦੇਸ਼ਾ, ਜਸਵੀਰ ਸਿੰਘ ਊਨਾ ਸਾਹਿਬ, ਚਰਨਜੀਤ ਸਿੰਘ ਮੌਜੂਦ ਸਨ।