ਆਸਟ੍ਰੇਲੀਆ: ਖਾਲਿਸਤਾਨ ਸਮਰਥਕਾਂ ਨੇ ਹੁਣ ਬ੍ਰਿਸਬੇਨ 'ਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਕੀਤੀ ਭੰਨਤੋੜ

Saturday, Mar 04, 2023 - 10:22 AM (IST)

ਆਸਟ੍ਰੇਲੀਆ: ਖਾਲਿਸਤਾਨ ਸਮਰਥਕਾਂ ਨੇ ਹੁਣ ਬ੍ਰਿਸਬੇਨ 'ਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਕੀਤੀ ਭੰਨਤੋੜ

ਬ੍ਰਿਸਬੇਨ (ਏ.ਐੱਨ.ਆਈ.): ਆਸਟ੍ਰੇਲੀਆ ਵਿਚ ਇਕ ਹੋਰ ਹਿੰਦੂ ਮੰਦਰ 'ਤੇ ਹੋਏ ਹਮਲੇ ਵਿਚ ਸ਼ਨੀਵਾਰ ਨੂੰ ਬ੍ਰਿਸਬੇਨ ਵਿਚ ਖਾਲਿਸਤਾਨ ਸਮਰਥਕਾਂ ਨੇ ਹਿੰਦੂ ਨਾਰਾਇਣ ਮੰਦਰ ਵਿਚ ਭੰਨਤੋੜ ਕੀਤੀ। ਮੰਦਰ ਦੇ ਪ੍ਰਧਾਨ ਸਤਿੰਦਰ ਸ਼ੁਕਲਾ ਨੇ 'ਦਿ ਆਸਟ੍ਰੇਲੀਆ ਟੂਡੇ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ "ਮੰਦਰ ਦੇ ਪੁਜਾਰੀ ਅਤੇ ਸ਼ਰਧਾਲੂਆਂ ਨੇ ਅੱਜ ਸਵੇਰੇ ਫ਼ੋਨ ਕੀਤਾ ਅਤੇ ਮੰਦਰ ਦੀ ਚਾਰਦੀਵਾਰੀ 'ਤੇ ਭੰਨਤੋੜ ਬਾਰੇ ਉਹਨਾਂ ਨੂੰ ਸੂਚਿਤ ਕੀਤਾ।" ਸਾਰਾਹ ਗੇਟਸ, ਜੋ ਹਿੰਦੂ ਮਨੁੱਖੀ ਅਧਿਕਾਰਾਂ ਦੀ ਡਾਇਰੈਕਟਰ ਹੈ, ਨੇ ਦੱਸਿਆ ਕਿ "ਇਹ ਤਾਜ਼ਾ ਨਫ਼ਰਤੀ ਅਪਰਾਧ ਸਿੱਖਸ ਫਾਰ ਜਸਟਿਸ (ਐਸਐਫਜੇ) ਦਾ ਵਿਸ਼ਵ ਪੱਧਰ 'ਤੇ ਇੱਕ ਨਮੂਨਾ ਹੈ, ਜੋ ਸਪੱਸ਼ਟ ਤੌਰ 'ਤੇ ਆਸਟ੍ਰੇਲੀਆਈ ਹਿੰਦੂਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਜਨਵਰੀ ਵਿੱਚ ਆਸਟ੍ਰੇਲੀਆ ਦੇ ਕੈਰਮ ਡਾਊਨਜ਼ ਵਿੱਚ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਵਿਚ ਭੰਨਤੋੜ ਕੀਤੀ ਗਈ ਸੀ। 15 ਜਨਵਰੀ, 2023 ਦੀ ਸ਼ਾਮ ਨੂੰ ਖਾਲਿਸਤਾਨ ਸਮਰਥਕਾਂ ਨੇ ਮੈਲਬੌਰਨ ਵਿੱਚ ਇੱਕ ਕਾਰ ਰੈਲੀ ਰਾਹੀਂ ਆਪਣੇ ਜਨਮਤ ਸੰਗ੍ਰਹਿ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਬੁਰੀ ਤਰ੍ਹਾਂ ਅਸਫਲ ਰਹੇ। ਉਪਰੋਕਤ ਘਟਨਾ ਤੋਂ ਇੱਕ ਹਫ਼ਤਾ ਪਹਿਲਾਂ 12 ਜਨਵਰੀ ਨੂੰ ਆਸਟ੍ਰੇਲੀਆ ਦੇ ਮਿੱਲ ਪਾਰਕ ਵਿੱਚ ਸਥਿਤ ਬੀਏਪੀਐਸ ਸਵਾਮੀਨਾਰਾਇਣ ਮੰਦਿਰ ਵਿੱਚ ਭਾਰਤ ਵਿਰੋਧੀ ਅਤੇ ਹਿੰਦੂ-ਵਿਰੋਧੀ ਗੱਲਾਂ ਲਿਖੀਆਂ ਗਈਆਂ ਸਨ। ਦਿ ਆਸਟ੍ਰੇਲੀਆ ਟੂਡੇ ਨੇ ਰਿਪੋਰਟ ਕੀਤੀ ਕਿ ਮਿੱਲ ਪਾਰਕ ਦੇ ਉਪਨਗਰ ਵਿੱਚ ਸਥਿਤ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਅਤੇ ਮੰਦਰ ਦੀ ਭੰਨਤੋੜ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ 'ਚ ਵਿਅਕਤੀ ਦਾ ਉਸ ਦੇ ਪੁੱਤਰ ਸਾਹਮਣੇ ਗੋਲੀ ਮਾਰ ਕੇ ਕਤਲ, ਜਾਂਚ ਜਾਰੀ

ਮੈਲਬੌਰਨ ਦੀ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਮੰਦਰ, ਜਿਸ ਨੂੰ ਹਰੇ ਕ੍ਰਿਸ਼ਨਾ ਮੰਦਰ ਵੀ ਕਿਹਾ ਜਾਂਦਾ ਹੈ ਵਿਚ ਵੀ ਭੰਨਤੋੜ ਕੀਤੀ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਨੇ ਮਿੱਲ ਪਾਰਕ ਅਤੇ ਕੈਰਮ ਡਾਊਨਸ ਵਿੱਚ ਹਿੰਦੂ ਮੰਦਰਾਂ ਦੀ ਭੰਨਤੋੜ ਦੀ ਨਿੰਦਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਸੀ। ਬਾਅਦ ਵਿੱਚ ਭਾਰਤ ਨੇ ਆਸਟ੍ਰੇਲੀਆ ਵਿੱਚ ਹਿੰਦੂ ਮੰਦਰਾਂ ਦੀ ਭੰਨਤੋੜ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਮਾਮਲਾ ਕੈਨਬਰਾ ਵਿੱਚ ਆਸਟ੍ਰੇਲੀਆਈ ਸਰਕਾਰ ਕੋਲ ਉਠਾਇਆ ਗਿਆ ਹੈ ਅਤੇ ਦੋਸ਼ੀਆਂ ਵਿਰੁੱਧ ਤੇਜ਼ੀ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News