ਉੱਘੇ ਪੱਤਰਕਾਰ ਦਵੀ ਦਵਿੰਦਰ ਕੌਰ, ਡਾ. ਸੁਰਿੰਦਰ ਗਿੱਲ ਅਤੇ ਲੇਖਕ ਯਸ਼ਪਾਲ ਗੁਲਾਟੀ ਹੋਏ ਰੂ-ਬ-ਰੂ
Tuesday, Aug 07, 2018 - 05:44 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਦੇ ਪਸਾਰੇ ਲਈ ਸਾਲਾਂ ਤੋਂ ਕਾਰਜਸ਼ੀਲ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਗੁਰੂਘਰ ਇਨਾਲਾ ਦੀ ਲਾਇਬ੍ਰੇਰੀ ਵਿਖੇ ਸਾਹਿਤਕ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ 'ਚ ਮੁੱਖ-ਮਹਿਮਾਨ ਦੇ ਤੌਰ 'ਤੇ ਉੱਘੇ ਪੱਤਰਕਾਰ ਦਵੀ ਦਵਿੰਦਰ ਕੌਰ, ਵਿਸ਼ੇਸ਼ ਮਹਿਮਾਨ ਕਵੀ ਡਾ. ਸੁਰਿੰਦਰ ਗਿੱਲ ਅਤੇ ਉੱਘੇ ਲੇਖਕ ਤੇ ਪੱਤਰਕਾਰ ਯਸ਼ਪਾਲ ਗੁਲਾਟੀ ਹਾਜ਼ਰੀਨ ਦੇ ਰੂ-ਬ-ਰੂ ਹੋਏ। ਇਸ ਮੌਕੇ ਪੱਤਰਕਾਰ ਅਤੇ ਲੇਖਕ ਯਸ਼ਪਾਲ ਗੁਲਾਟੀ ਲਿਖਤ 'ਮੇਰਾ ਆਸਟ੍ਰੇਲੀਆ ਸਫ਼ਰਨਾਮਾ' ਵੀ ਲੋਕ ਅਰਪਣ ਕੀਤਾ ਗਿਆ। ਉੱਘੇ ਪੱਤਰਕਾਰ ਦਵੀ ਦਵਿੰਦਰ ਕੌਰ ਨੂੰ ਪੱਤਰਕਾਰੀ ਦੇ ਖੇਤਰ ਵਿਚ, ਉੱਘੇ ਲੇਖਕ ਤੇ ਪੱਤਰਕਾਰ ਯਸ਼ਪਾਲ ਗੁਲਾਟੀ ਨੂੰ ਸਾਹਿਤ ਤੇ ਪੱਤਰਕਾਰੀ ਅਤੇ ਪੰਜਾਬੀ ਸਾਹਿਤ ਦੇ ਸ਼੍ਰੋਮਣੀ ਕਵੀ ਡਾ. ਸੁਰਿੰਦਰ ਗਿੱਲ ਨੂੰ ਪੰਜਾਬੀ ਸਾਹਿਤ ਆਦਿ 'ਚ ਉਪਰੋਕਤ ਸ਼ਖਸੀਅਤਾਂ ਵਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਸਭਾ ਦੀ ਪ੍ਰਧਾਨਗੀ ਮੰਡਲ 'ਚ ਦਵੀ ਦਵਿੰਦਰ ਕੌਰ, ਕਵੀ ਡਾ. ਸਰਿੰਦਰ ਗਿੱਲ, ਤਰਕਸ਼ੀਲ ਵਿਚਾਰਧਾਰਕ ਜਸਵੰਤ ਜ਼ੀਰਖ, ਲੇਖਕ ਅਤੇ ਪੱਤਰਕਾਰ ਯਸ਼ਪਾਲ ਗੁਲਾਟੀ ਅਤੇ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ ਸ਼ੁਸੋਭਿਤ ਹੋਏ।
ਬੈਠਕ ਦੀ ਸ਼ੁਰੂਆਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਨੇ ਇੰਡੋਜ਼ ਪੰਜਾਬੀ ਸਾਹਿਤ ਸਭਾ ਦੀ ਸਮੁੱਚੀ ਕਾਰਜ-ਪ੍ਰਣਾਲੀ ਨੂੰ ਬਿਆਨਦੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਨਾਲ ਕੀਤੀ। ਇਸ ਉਪਰੰਤ ਪਾਲ ਰਾਊਕੇ ਨੇ ਬੁਲੰਦ ਸੁਰ 'ਚ ਆਪਣਾ ਗੀਤ ਸਰੋਤਿਆਂ ਸਨਮੁੱਖ ਕੀਤਾ। ਗਾਇਕ ਮੀਤ ਮਲਕੀਤ ਦਾ ਗੀਤ ਵੀ ਸੋਹਣੀ ਹਾਜ਼ਰੀ ਲਗਵਾ ਗਿਆ। ਡਾ. ਕਿਰਨ ਸਿੱਧੂ ਦੀ ਕਵਿਤਾ 'ਮੈਂ ਅਜੇ ਵੱਡੀ ਨਹੀਂ ਹੋਈ' ਵੀ ਸੰਜੀਦਾ ਮਾਹੌਲ ਸਿਰਜ ਗਈ। ਸੱਸ-ਨੂੰਹ ਦੇ ਰਿਸ਼ਤੇ ਨੂੰ ਬਿਆਨਦੀ ਗੁਰਮੀਤ ਕੌਰ ਸੰਧਾ ਦੀ ਕਵਿਤਾ ਵੀ ਸ਼ਲਾਘਾਯੋਗ ਰਹੀ। ਇਕਬਾਲ ਧਾਮੀ ਦੀ ਗ਼ਜ਼ਲ 'ਝਾਂਜਰ' ਇਸਤਰੀ ਵਰਗ ਦੀ ਤ੍ਰਾਸਦੀ ਬਿਆਨ ਕਰਦੀ ਦਿੱਖੀ। ਰੁਪਿੰਦਰ ਸੋਜ਼ ਨੇ ਆਪਣੀ ਗ਼ਜ਼ਲ ਰਾਹੀਂ ਸਮਾਜਿਕ ਨਿਘਾਰਾਂ ਵੱਲ ਝਾਤ ਪੁਆਈ, ਸਤਵਿੰਦਰ ਟੀਨੂੰ ਨੇ ਭਾਰਤੀ ਲੋਕਤੰਤਰ 'ਚ ਆ ਰਹੀ ਗਿਰਾਵਟ 'ਤੇ ਚਿੰਤਾ ਜ਼ਾਹਰ ਕੀਤੀ। ਗੁਰੂਘਰ ਇਨਾਲਾ ਦੇ ਕੀਰਤਨੀਏ ਸ. ਨਾਇਬ ਸਿੰਘ ਨੇ ਆਪਣੀ ਕਵਿਤਾ 'ਚ ਸੋਹਣੀ ਸ਼ਬਦੀ ਰਵਾਨਗੀ ਨਾਲ ਡਿੱਗ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਦਾ ਚਿੰਤਨ ਕੀਤਾ।
ਕਵੀ ਸਰਬਜੀਤ ਸੋਹੀ ਨੇ ਦੱਸਿਆ ਕਿ ਕਿਵੇਂ ਇੰਡੋਜ਼ ਦਾ ਕਾਫ਼ਲਾ ਸਮਾਜਿਕ ਚੇਤਨਾ, ਮਾਂ ਬੋਲੀ ਤੇ ਸਾਹਿਤ ਪਸਾਰਾ ਤੇ ਸਾਂਝੀਵਾਲਤਾ ਦੇ ਪਵਿੱਤਰ ਪਾਣੀ ਨਾਲ ਸਿੰਜ ਰਿਹਾ ਹੈ। ਰਛਪਾਲ ਹੇਅਰ ਨੇ ਸੰਖੇਪ ਸ਼ਬਦਾਂ ਰਾਹੀਂ ਹਾਜ਼ਰੀਨ ਦਾ ਧੰਨਵਾਦ ਕੀਤਾ। ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦੇ ਜਸਵੰਤ ਜੀਰਖ਼ ਨੇ ਲੋਕਾਈ ਨੂੰ ਵਹਿਮਾਂ-ਭਰਮਾਂ, ਅਖੌਤੀ ਬਾਬਿਆਂ ਆਦਿ ਦਾ ਖਹਿੜਾ ਛੱਡ ਵਿਗਿਆਨਿਕ ਸੋਚ ਅਪਣਾਉਣ ਦਾ ਸੁਨੇਹਾ ਦਿੱਤਾ। ਇਸ ਉਪਰੰਤ ਲੇਖਕ ਅਤੇ ਪੱਤਰਕਾਰ ਯਸ਼ਪਾਲ ਗੁਲਾਟੀ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਬਨਾਮ ਵਿਦੇਸ਼ ਦਾ ਵਰਨਣ ਕੀਤਾ। ਕਵੀ ਡਾ. ਸੁਰਿੰਦਰ ਗਿੱਲ ਨੇ ਵਿਦੇਸ਼ਾਂ 'ਚ ਮਾਤ-ਭਾਸ਼ਾ ਅਤੇ ਸਾਹਿਤ ਪਸਾਰੇ ਲਈ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕ੍ਰਿਸ਼ਮਾ, ਇੱਛਾ, ਚਰਖਾ ਆਦਿ ਨਜ਼ਮਾਂ ਨਾਲ ਸੰਖੇਪ ਕਾਵਿ ਹਾਜ਼ਰੀ ਵੀ ਲਗਾਈ। ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਤਰਜਮਾਨ ਹਰਜੀਤ ਲਸਾੜਾ ਨੇ ਵੀ ਆਪਣੇ ਵਿਚਾਰ ਰੱਖੇ। ਗ੍ਰੀਨ ਪਾਰਟੀ ਤੋਂ ਨਵਦੀਪ ਸਿੰਘ ਨੇ ਇੱਥੋਂ ਦੀ ਸਿਆਸਤ ਦੀਆਂ ਬੇਨਿਯਮੀਆਂ 'ਤੇ ਸੰਖੇਪ ਤਕਰੀਰ ਕੀਤੀ। ਉੱਘੇ ਪੱਤਰਕਾਰ ਦਵੀ ਦਵਿੰਦਰ ਕੌਰ ਨੇ ਆਪਣੀ ਤਕਰੀਰ 'ਚ ਕਾਫ਼ੀ ਵਿਸ਼ਿਆਂ 'ਤੇ ਝਾਤ ਪੁਆਈ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਅਖ਼ਬਾਰ 24 ਘੰਟੇ ਦਾ ਇਤਿਹਾਸ ਹੁੰਦਾ ਹੈ। ਅਗਲੇ ਦਿਨ ਫ਼ਿਰ ਨਵੇਂ ਇਤਿਹਾਸ ਦੀ ਤਿਆਰੀ ਕਰਨੀ ਪੈਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸਲ ਪੱਤਰਕਾਰ ਉਹ ਹੀ ਹੈ ਜੋ ਪੀੜਤ ਨਾਲ ਖੜ੍ਹੇ, ਵਰਤਮਾਨ ਦਾ ਸੱਚ ਅਤੇ ਸਾਰਥਕ ਭਵਿੱਖੀ ਸੋਚ ਨੂੰ ਅਪਣਾਵੇ। ਪੱਤਰਕਾਰ ਨੂੰ ਖੇਡਾਂ, ਸਾਇੰਸ, ਧਰਮ, ਸੱਭਿਆਚਾਰ ਅਤੇ ਸਿਆਸਤ ਦਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਪੱਤਰਕਾਰੀ 'ਚ ਮੌਜੂਦਾ ਸਮੇਂ 'ਚ ਆ ਰਹੀ ਗਿਰਾਵਟ 'ਤੇ ਵੀ ਚਿੰਤਾ ਜ਼ਾਹਰ ਕੀਤੀ। ਅਖੀਰ ਵਿਚ ਉਨ੍ਹਾਂ ਸਾਹਿਤ ਸਭਾ ਅਤੇ ਮੀਡੀਆ ਕਰਮੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ। ਇੰਡੋਜ਼ ਸਾਹਿਤ ਸਭਾ ਤੇ ਪੱਤਰਕਾਰ ਭਾਈਚਾਰੇ ਵੱਲੋਂ ਮਹਿਮਾਨਾਂ ਨੂੰ ਸਨਮਾਨ-ਪੱਤਰ ਭੇਂਟ ਕੀਤੇ ਗਏ। ਮੰਚ ਸੰਚਾਲਨ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਧਾਰਮਿਕ, ਸਾਹਿਤਕ, ਰਾਜਨੀਤਕ ਅਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਿਤ ਸ਼ਖਸੀਅਤਾਂ ਹਾਜ਼ਰ ਸਨ।