ਇਪਸਾ ਆਸਟ੍ਰੇਲੀਆ ਦੀ ਸਰਬ-ਸੰਮਤੀ ਨਾਲ ਪੰਜਵੀਂ ਅਵਧੀ ਲਈ ਹੋਈ ਚੋਣ

11/02/2019 10:32:44 AM

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ' ਜੋ ਕਿ ਪਿਛਲੇ ਚਹੁੰ ਸਾਲਾਂ ਤੋਂ ਨਿਰੰਤਰ ਸਾਹਿਤਕ ਸਰਗਰਮੀਆਂ ਵਿੱਚ ਜੁੱਟੀ ਹੋਈ ਹੈ, ਉਸ ਦੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਹੋਣ ਨੂੰ ਸਮਰਪਿਤ ਇਕ ਜ਼ਰੂਰੀ ਮੀਟਿੰਗ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਜਰਨੈਲ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਆਉਂਦੇ ਸਾਲ ਲਈ ਸਰਬ-ਸੰਮਤੀ ਨਾਲ ਕਾਰਜਕਾਰਣੀ ਦੀ ਚੋਣ ਕਰ ਲਈ ਗਈ, ਕਿਉਂਕਿ ਨਵੰਬਰ ਤੋਂ ਹੀ ਪਰਵਾਸੀ ਭਾਰਤੀ ਇੰਡੀਆ ਅਤੇ ਹੋਰਨਾਂ ਦੇਸ਼ਾਂ ਵਿੱਚ ਛੁੱਟੀਆਂ ਮਨਾਉਣ ਲਈ ਚਲੇ ਜਾਂਦੇ ਹਨ । 

ਮੀਟਿੰਗ ਦੀ ਸ਼ੁਰੂਆਤ ਵਿੱਚ ਅਕਾਡਮੀ ਦੇ ਪਹਿਲੇ ਪ੍ਰਧਾਨ ਸਰਬਜੀਤ ਸੋਹੀ ਨੇ ਪਿਛਲੀਆਂ ਗਤੀਵਿਧੀਆਂ, ਕਾਰਗੁਜ਼ਾਰੀ ਅਤੇ ਖ਼ਰਚਿਆਂ ਤੇ ਚਾਨਣਾ ਪਾਇਆ ਅਤੇ ਨਵੀਂ ਟੀਮ ਚੁਨਣ ਲਈ ਪਹਿਲੀ ਕਮੇਟੀ ਨੂੰ ਭੰਗ ਕਰਦਿਆਂ ਮੈਂਬਰਾਂ ਦੇ ਸੁਝਾਆਂ ਅਨੁਸਾਰ ਨਵੀਂ ਕਾਰਜਕਾਰਣੀ ਵਾਲੇ ਨਾਵਾਂ ਬਾਰੇ ਮਤਾ ਪੇਸ਼ ਕੀਤਾ ਗਿਆ । ਜੋ ਕਿ ਹਾਜ਼ਰ 21 ਮੈਂਬਰ ਪਰਿਵਾਰਾਂ ਨੇ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਿਆ । ਸਾਲ 2020 ਦੀ ਵਰਕਿੰਗ ਕਮੇਟੀ ਵਿਚ ਜਰਨੈਲ ਸਿੰਘ ਬਾਸੀ ਨੂੰ ਜੀਵਨ ਭਰ ਲਈ ਸਰਪ੍ਰਸਤ ਦੇ ਅਹੁਦੇ ਨਾਲ ਨਿਵਾਜਿਆ ਗਿਆ । ਸਿੱਖ ਗੇਮਜ਼ ਦੇ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੂੰ ਇਪਸਾ ਵਿੱਚ ਵੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ । 

ਹਰਮਨਦੀਪ ਸਿੰਘ ਗਿੱਲ ਨੂੰ ਸੰਸਥਾ ਦਾ ਪ੍ਰਵਕਤਾ, ਅਲਕਾ ਸ਼ਰਮਾ ਨੂੰ ਲੇਖਾਕਾਰ, ਵਰਿੰਦਰ ਅਲੀਸ਼ੇਰ ਨੂੰ ਸਮੀਖਿਅਕ ਅਤੇ ਸੁਰਜੀਤ ਸੰਧੂ ਨੂੰ ਖ਼ਜ਼ਾਨਚੀ ਦਾ ਅਹੁਦਾ ਦਿੱਤਾ ਗਿਆ ।ਪ੍ਰਧਾਨਗੀ ਪੈਨਲ ਵਿੱਚ ਸਰਵ ਸ੍ਰੀ ਦਲਵੀਰ ਹਲਵਾਰਵੀ ਨਵੀਂ ਕਮੇਟੀ ਵਿੱਚ ਪ੍ਰਧਾਨ ਹੋਣਗੇ, ਜਦ ਕਿ ਪਾਲ ਰਾਊਕੇ ਅਤੇ ਰੁਪਿੰਦਰ ਸੋਜ਼ ਦੋਵੇਂ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ । ਸਕੱਤਰਾਂ ਦੇ ਪੈਨਲ ਵਿੱਚ ਕ੍ਰਮਵਾਰ ਸਰਬਜੀਤ ਸੋਹੀ ਨੂੰ ਜਨਰਲ ਸਕੱਤਰ, ਜਸਵੰਤ ਵਾਗਲਾ ਨੂੰ ਸੰਗਠਨ ਸਕੱਤਰ, ਪ੍ਰਿੰਸਪਾਲ ਕੌਰ ਨੂੰ ਸਹਾਇਕ ਸਕੱਤਰ, ਗੁਰਜੀਤ ਸਿੰਘ ਬਾਰੀਆ ਨੂੰ ਪ੍ਰਚਾਰ ਸਕੱਤਰ, ਰਣਜੀਤ ਵਿਰਕ ਨੂੰ ਸੂਚਨਾ ਸਕੱਤਰ ਅਤੇ ਹਰਮਨਦੀਪ ਕੌਰ ਮਠਾੜੂ ਨੂੰ ਮੀਡੀਆ ਸਕੱਤਰ ਬਣਾਇਆ ਗਿਆ । ਸਲਾਹਕਾਰਾਂ ਦੇ ਪੈਨਲ ਵਿੱਚ ਆਤਮਾ ਸਿੰਘ ਹੇਅਰ ਨੂੰ ਸਮੁਦਾਇਕ ਸਲਾਹਕਾਰ, ਜਤਿੰਦਰ ਭੰਗੂ ਨੂੰ ਪ੍ਰਸਾਰਣ ਸਲਾਹਕਾਰ ਅਤੇ ਤਜਿੰਦਰ ਭੰਗੂ ਨੂੰ ਪ੍ਰਬੰਧਕੀ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ । ਵਿਸ਼ੇਸ਼ ਡੈਲੀਗੇਟ ਪੈਨਲ ਵਿੱਚ ਅਮਨਦੀਪ ਕੌਰ ਨੂੰ ਲੋਕਧਾਰਾ ਪ੍ਰਤੀਨਿਧ, ਗਾਇਕ ਮੀਤ ਮਲਕੀਤ ਨੂੰ ਸੰਗੀਤ ਪ੍ਰਤੀਨਿਧ ਅਤੇ ਰਵਿੰਦਰ ਨਾਗਰਾ ਨੂੰ ਰੰਗ-ਮੰਚ ਪ੍ਰਤੀਨਿਧ ਵਜੋਂ ਸ਼ਾਮਿਲ ਕੀਤਾ ਗਿਆ । 

ਅੰਤ ਵਿੱਚ ਨਵੇਂ ਚੁਣੇ ਪ੍ਰਧਾਨ ਦਲਵੀਰ ਹਲਵਾਰਵੀ ਵੱਲੋਂ ਇੱਕੀ ਮੈਂਬਰੀ ਕਾਰਜਕਾਰਣੀ ਦਾ ਧੰਨਵਾਦ ਕਰਦਿਆਂ, ਵਿਸ਼ਵਾਸ ਦੁਆਇਆ ਕਿ ਉਹ ਇਸ ਮਾਣਮੱਤੇ ਅਹੁਦੇ ਦੀ ਗਰਿਮਾ ਅਤੇ ਮਾਣ ਮਰਿਯਾਦਾ ਨੂੰ ਬਰਕਰਾਰ ਰੱਖਣਗੇ । ਉਹ ਇਪਸਾ ਦੀਆਂ ਸਰਗਰਮੀਆਂ ਨੂੰ ਪਹਿਲਾਂ ਵਾਂਗ ਹੀ ਸਹਿਯੋਗ ਦੇਣਗੇ ਅਤੇ ਸੁਚੱਜੀ ਅਗਵਾਈ ਕਰਨਗੇ । ਨਵੇਂ ਬਣੇ ਜਨਰਲ ਸਕੱਤਰ ਸਰਬਜੀਤ ਸੋਹੀ ਨੇ ਦੱਸਿਆ ਕਿ ਇਪਸਾ ਦੇ ਸ਼ਾਨਦਾਰ ਚਾਰ ਸਾਲਾਂ ਦੀਆਂ ਸਰਗਰਮੀਆਂ ਅਤੇ ਹਿਸਾਬ ਕਿਤਾਬ ਦਾ ਅਗਲੇ ਸਾਲ ਇਕ ਕਿਤਾਬ-ਰੂਪੀ ਸੌਵੀਨਾਰ ਜਾਰੀ ਕੀਤਾ ਜਾਵੇਗਾ । ਇਪਸਾ ਦਾ ਸਾਲਾਨਾ ਸਮਾਗਮ ਜੋ ਕਿ ਭਾਰਤੀ ਸਾਹਿਤ ਉਤਸਵ ਦੇ ਰੂਪ ਵਿਚ ਆਯੋਜਿਤ ਹੁੰਦਾ ਆ ਰਿਹਾ, ਇਸ ਵਾਰ ਉਸਦਾ ਤੀਸਰਾ ਸਮਾਗਮ ਮਈ/ਜੂਨ ਦੇ ਮਹੀਨੇ ਵਿੱਚ ਉਲੀਕਿਆ ਜਾਵੇਗਾ । ਇੰਡੋਜ਼ ਲਾਇਬਰੇਰੀ ਵਿੱਚ ਮਰਹੂਮ ਸਾਹਿਤਕ ਹਸਤੀਆਂ ਦੇ ਪੋਰਟਰੇਟ ਜਲਦੀ ਹੀ ਦੀਵਾਰਾਂ ਤੇ ਸੁਸ਼ੋਭਿਤ ਹੋਣਗੇ ਅਤੇ ਇਸੇ ਤਰ੍ਹਾਂ ਸਮਾਗਮਾਂ ਦਾ ਪ੍ਰਵਾਹ ਚੱਲਦਾ ਰਹੇਗਾ ।


Vandana

Content Editor

Related News