ਆਸਟ੍ਰੇਲੀਆ ਕੋਰੋਨਾ ਮੱਦੇਨਜ਼ਰ ਭਾਰਤ ਸਮੇਤ ਕਈ ਦੇਸ਼ਾਂ ਤੋਂ ਉਡਾਣਾਂ ਦੀ ਸੰਖਿਆ ਕਰੇਗਾ ਘੱਟ਼
Thursday, Apr 22, 2021 - 05:46 PM (IST)
ਮੈਲਬੌਰਨ (ਭਾਸ਼ਾ) : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਸਮੇਤ ਕੋਵਿਡ-19 ਦੇ ਉਚ ਖਤਰੇ ਵਾਲੇ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਦੀ ਗਿਣਤੀ ਘੱਟ ਕੀਤੀ ਜਾਏਗੀ। ਉਨ੍ਹਾਂ ਨੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਦਰਮਿਆਨ ਇਹ ਐਲਾਨ ਕੀਤਾ ਹੈ। ਮੋਰੀਸਨ ਨੇ ਕੈਨਬਰਾ ਵਿਚ ਰਾਸ਼ਟਰੀ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਕਿਹਾ ਕਿ ਅਸੀਂ ਆਉਣ ਵਾਲੇ ਮਹੀਨਿਆਂ ਵਿਚ ਆਪਣੀਆਂ ਚਾਰਟਡ ਸੇਵਾਵਾਂ ਤਹਿਤ ਆਉਣ ਵਾਲੀਆਂ ਉਡਾਣਾਂ ਦੀ ਸੰਖਿਆ ਵਿਚ 30 ਫ਼ੀਸਦੀ ਦੀ ਕਮੀ ਕਰਨ ’ਤੇ ਸਹਿਮਤ ਹੋਏ ਹਾਂ।
ਉਚ ਜੋਖ਼ਮ ਵਾਲੇ ਦੇਸ਼ਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤੇ ਜਾਣ ਦੌਰਾਨ ਮੋਰੀਸਨ ਨੇ ਕਿਹਾ ਕਿ ਇਹ ਐਲਾਨ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਗੰਭੀਰ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ। ਭਾਰਤ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 3.14 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਭਾਰਤ ਵਿਚ ਹੁਣ ਤੱਕ 1,59,30,965 ਲੋਕ ਕੋਵਿਡ ਨਾਲ ਪੀੜਤ ਹੋ ਚੁੱਕੇ ਹਨ। ਮੋਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਪਰਤਣ ਦੇ ਸਬੰਧ ਵਿਚ ਬਣਾਏ ਗਏ ਨਵੇਂ ਨਿਯਮ ਹੁਣ ਅਜਿਹੇ ਉਚ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ’ਤੇ ਲਾਗੂ ਹੋਣਗੇ। ਅਜਿਹੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਕੋਵਿਡ ਜਾਂਚ ਕਰਾਉਣੀ ਹੋਵੇਗੀ।